ਨਵੀਂ ਦਿੱਲੀ: ਰਾਜਧਾਨੀ ‘ਚ ਕੋਰੋਨਾ ਵਾਇਰਸ ਦਾ ਪ੍ਰਸਾਰ ਲਗਾਤਾਰ ਵਧਣ ਦੇ ਨਾਲ ਹਰ ਰੋਜ਼ ਨਵੇਂ ਰਿਕਾਰਡ ਬਣ ਰਹੇ ਹਨ। ਇਸ ਤੋਂ ਪਹਿਲਾਂ ਕੋਰੋਨਾ ਦੇ ਵਧ ਰਹੇ ਕੇਸ ਰਿਕਾਰਡ ਬਣਾ ਰਹੇ ਸਨ, ਹੁਣ ਡੈੱਥ ਰੇਟ ‘ਚ ਵੀ ਨਵੇਂ ਰਿਕਾਰਡ ਦੇਖਣ ਨੂੰ ਮਿਲੇ ਹਨ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਪਿਛਲੇ ਚਾਰ ਦਿਨਾਂ ‘ਚ ਰਾਜਧਾਨੀ ‘ਚ 240 ਲੋਕਾਂ ਦੀ ਮੌਤ ਹੋ ਗਈ। ਜਿਸ ਦੇ ਨਾਲ ਸ਼ਮਸ਼ਾਨਘਾਟ ਤੇ ਕਬਰਸਤਾਨ ਦੋਵਾਂ ਜਗ੍ਹਾ ‘ਤੇ ਅੰਤਿਮ ਸਸਕਾਰ ਦੇ ਲਈ ਭੀੜ ਲੱਗੀ ਹੋਈ ਹੈ।
ਦਿੱਲੀ ਦੇ ਆਈਟੀਓ ‘ਤੇ ਸਭ ਤੋਂ ਵੱਡੇ ਕੋਵਿਡ ਕਬਰਿਸਤਾਨ ‘ਚ ਲਾਸ਼ਾਂ ਨੂੰ ਦਫ਼ਨਾਉਣ ਲਈ ਜਗ੍ਹਾ ਘੱਟ ਪੈ ਗਈ। ਦੂਸਰੇ ਪਾਸੇ ਸ਼ਮਸ਼ਾਨਘਾਟ ਵਿਚ ਮ੍ਰਿਤਕ ਦੇਹਾਂ ਨੂੰ ਮੁੱਖ ਅਗਨੀ ਦੇਣ ਦੇ ਲਈ ਜ਼ਮੀਨ ਨਹੀਂ ਹੈ।
ਸਮਸ਼ਾਨਘਾਟ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੰਤਿਮ ਸਸਕਾਰ ਲਈ ਆ ਰਹੇ ਲੋਕਾਂ ਨੂੰ ਕਈ ਕਈ ਘੰਟੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਪਰਿਵਾਰਾਂ ਨੂੰ ਦੋ ਦਿਨ ਬਾਅਦ ਸਸਕਾਰ ਕਰਨ ਦੇ ਲਈ ਸਮਾਂ ਮਿਲਦਾ ਹੈ। ਦਿੱਲੀ ਦੇ ਸ਼ਮਸ਼ਾਨਘਾਟ ਵਿੱਚ ਅਜਿਹੀ ਤਸਵੀਰ ਦੇਖਣ ਨੂੰ ਮਿਲੇਗੀ, ਇਸ ਦਾ ਅੰਦਾਜ਼ਾ ਪਹਿਲਾਂ ਨਹੀਂ ਲਗਾਇਆ ਗਿਆ ਸੀ।