ਹਰਿਆਣਾ : ਅੰਬਾਲਾ ‘ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ। ਹਾਈਵੇਅ ‘ਤੇ ਇੱਕ ਟਰੱਕ ਕੋਲੋਂ ਲੰਘ ਰਹੇ ਮੋਟਰਸਾਈਕਲ ਉੱਪਰ ਪਲਟ ਗਿਆ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਅੰਬਾਲਾ ਤੋਂ ਦੋ ਕਿਲੋਮੀਟਰ ਪਹਿਲਾਂ ਸ਼ਾਹਪੁਰ ਦੇ ਟਾਂਗਰੀ ਪੁਲ ਨੈਸ਼ਨਲ ਹਾਈਵੇਅ ‘ਤੇ ਵਾਪਰੀ, ਜਿਸ ਕਾਰਨ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ।
ਇਹ ਹਾਦਸਾ ਸਵੇਰੇ ਕਰੀਬ 10 ਵਜੇ ਵਾਪਰਿਆ। ਚਸ਼ਮਦੀਦਾਂ ਨੇ ਦੱਸਿਆ ਕਿ ਟਰੱਕ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਟਰੱਕ ਨੇ ਪਹਿਲਾ ਇਕ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਕਾਰ ਸਵਾਰ ਵਾਲ-ਵਾਲ ਬਚ ਗਏ। ਇਸ ਤੋਂ ਤੁਰੰਤ ਬਾਅਦ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਨਾਲ ਚੱਲ ਰਹੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈਂਦੇ ਹੋਏ ਉਸ ਉੱਪਰ ਪਲਟ ਗਿਆ ਦਿੱਲੀ ਤੋਂ ਚੰਡੀਗੜ੍ਹ ਜਾ ਰਿਹਾ ਟਰੱਕ ਸਾਮਾਨ ਨਾਲ ਲੱਦਿਆ ਹੋਇਆ ਸੀ। ਟਰੱਕ ਦੇ ਭਾਰ ਕਾਰਨ ਮੋਟਰਸਾਈਕਲ ਚਕਨਾਚੂਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ।
ਹਾਈਵੇਅ ‘ਤੇ ਪਹੁੰਚੀ ਪੁਲਿਸ ਅਤੇ ਕਰੇਨ ਦੀ ਮਦਦ ਨਾਲ ਟਰੱਕ ਨੂੰ ਚੁੱਕਣ ਦਾ ਕੰਮ ਸ਼ੁਰੂ ਕੀਤਾ। ਪੁਲਿਸ ਅਨੁਸਾਰ, ਦੋ ਲਾਸ਼ਾਂ ਟਰੱਕ ਦੇ ਹੇਠਾਂ ਦਬੀਆਂ ਹੋਈਆਂ ਮਿਲੀਆਂ। ਹਾਦਸੇ ਤੋਂ ਬਾਅਦ ਦਿੱਲੀ-ਅੰਬਾਲਾ ਹਾਈਵੇਅ ‘ਤੇ ਕਰੀਬ 10 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਸੈਂਕੜੇ ਵਾਹਨ ਘੰਟਿਆਂ ਬੱਧੀ ਫਸੇ ਰਹੇ, ਜਿਸ ਕਾਰਨ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਟ੍ਰੈਫਿਕ ਨੂੰ ਡਾਇਵਰਟ ਕਰਕੇ ਸੁਚਾਰੂ ਕਰਨ ਵਿੱਚ ਜੁਟੀ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

