ਇਰਾਨ ਦਾ ਵਫ਼ਦ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜਾ

Global Team
2 Min Read

ਅੰਮ੍ਰਿਤਸਰ: ਇਰਾਨ ਤੋਂ ਇੱਕ ਵਫ਼ਦ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਕੇਂਦਰੀ ਸਿੱਖ ਅਸਥਾਨ ਦੇ ਦਰਸ਼ਨ ਕੀਤੇ। ਇਸ ਵਫ਼ਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਲਾਕਾਤ ਵੀ ਕੀਤੀ।

ਇਰਾਨ ਤੋਂ ਆਏ ਇਸ ਵਫ਼ਦ ਵਿੱਚ ਅਲ-ਮੁਸਤਫ਼ਾ ਅੰਤਰਰਾਸ਼ਟਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਲੀ ਅੱਬਾਸੀ, ਯੂਨੀਵਰਸਿਟੀ ਦੇ ਭਾਰਤ ਵਿੱਚ ਮੁੱਖ ਪ੍ਰਤੀਨਿਧੀ ਡਾ. ਰਜ਼ਾ ਸ਼ੇਕਰੀ, ਡਾ. ਅੱਬਾਸੀ ਦੇ ਨਿਜੀ ਸਹਾਇਕ ਡਾ. ਮੁਰਤਜ਼ਾ ਸ਼ਾਨੀ, ਯੂਨਵਰਸਿਟੀ ਦੇ ਡਿਪਟੀ (ਅੰਤਰਰਾਸ਼ਟਰੀ) ਡਾ. ਅਥਰ ਜਾਫ਼ਰੀ, ਦਿੱਲੀ ਯੂਨੀਵਰਸਿਟੀ ਤੋਂ ਡਾ. ਅਲੀ ਅਕਬਰ ਸ਼ਾਹ, ਸ਼ਾਮਲ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਓਐਸਡੀ ਸਤਬੀਰ ਸਿੰਘ ਧਾਮੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਚਾਰ ਕਮੇਟੀ ਦੇ ਕਨਵੀਨਰ ਰਜਿੰਦਰ ਸਿੰਘ ਵਿਰਾਸਤ ਵੀ ਮੌਜੂਦ ਰਹੇ। ਈਰਾਨ ਦੇ ਵਫ਼ਦ ਨੇ ਸਿੱਖ ਆਗੂਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਈਰਾਨ ਆ ਕੇ ਉਥੇ ਮੌਜੂਦ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੱਦਾ ਦਿੱਤਾ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਫ਼ਦ ਮੈਂਬਰਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਲੋਈ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨ ਦਿੱਤਾ ਗਿਆ।

ਵਫ਼ਦ ਨਾਲ ਮੁਲਾਕਾਤ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਈਰਾਨ ਦਾ ਇਹ ਵਫ਼ਦ ਉਥੋਂ ਦੀ ਯੂਨੀਵਰਸਿਟੀ ਦੇ ਨਾਲ ਸਬੰਧਤ ਸੀ, ਜਿਨ੍ਹਾਂ ਨਾਲ ਵੱਖ-ਵੱਖ ਖੇਤਰਾਂ ਵਿਚ ਸਾਂਝੇ ਯਤਨਾਂ ਤਹਿਤ ਕਾਰਜ ਕਰਨ ਦੀ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਜੋ ਵੀ ਯੋਗ ਸੰਭਾਵਨਾਵਾਂ ਹੋਣਗੀਆਂ ਉਨ੍ਹਾਂ ’ਤੇ ਕਾਰਜ ਕਰਨ ਲਈ ਵਿਚਾਰ ਅੱਗੇ ਵਧਾਈ ਜਾਵੇਗੀ।

ਵਫ਼ਦ ਆਗੂ ਵਾਈਸ ਚਾਂਸਲਰ ਡਾ. ਅਲੀ ਅੱਬਾਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਹੋਰ ਧਰਮਾਂ ਸਮੇਤ ਸਿੱਖਾਂ ਨਾਲ ਵੀ ਈਰਾਨੀਆਂ ਦੀ ਆਪਸੀ ਸਾਂਝ ਹੈ, ਇਸ ਲਈ ਕਈ ਖੇਤਰਾਂ ਜਿਵੇਂ ਕਿ ਧਰਮ ਇਤਿਹਾਸ, ਫਾਰਸੀ ਭਾਸ਼ਾ, ਸਿੱਖਿਆ, ਸੱਭਿਆਚਾਰ ਆਦਿ ਵਿਚ ਸਾਂਝੇ ਯਤਨਾਂ ਨਾਲ ਵੱਖ-ਵੱਖ ਕਾਰਜ ਕੀਤੇ ਜਾ ਸਕਦੇ ਹਨ।

Share This Article
Leave a Comment