ਨਿਊਜ਼ ਡੈਸਕ: ਦੇਸ਼ ਭਰ ‘ਚ ਅੱਜ ਦੁਸਹਿਰਾ ਮਨਾਇਆ ਜਾ ਰਿਹਾ ਹੈ। ਵਿਜੇਦਸ਼ਮੀ ‘ਤੇ ਸ਼ਸਤਰ ਪੂਜਾ ਕੀਤੀ ਜਾਂਦੀ ਹੈ, ਇਸ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਫੌਜੀਆਂ ਨਾਲ ਤਿਉਹਾਰ ਮਨਾਉਣ ਲਈ ਪੱਛਮੀ ਬੰਗਾਲ ਦੇ ਦਾਰਜੀਲਿੰਗ ਪਹੁੰਚੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਸਹਿਰੇ ਦੇ ਮੌਕੇ ‘ਤੇ ਦਾਰਜੀਲਿੰਗ ਦੇ ਸੁਕਨਾ ਕੈਂਟ ‘ਚ ਸ਼ਸਤਰ ਪੂਜਾ ਕੀਤੀ। ਉਹ ਇੱਥੇ ਫੌਜ ਦੇ ਜਵਾਨਾਂ ਨਾਲ ਵਿਜੇਦਸ਼ਮੀ ਮਨਾਉਣ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਸੈਨਿਕਾਂ ਦੇ ਮੱਥੇ ‘ਤੇ ਤਿਲਕ ਲਗਾਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸਾਰਿਆਂ ਨੂੰ ਵਿਜਯਦਸ਼ਮੀ ਦੀਆਂ ਵਧਾਈਆਂ ਦਿੱਤੀਆਂ।
ਰਾਜਨਾਥ ਸਿੰਘ ਨੇ ਕਿਹਾ, ‘ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿੱਥੇ ਧਰਮ ਗ੍ਰੰਥ ਅਤੇ ਸ਼ਸਤਰ ਦੋਵਾਂ ਦੀ ਪੂਜਾ ਕੀਤੀ ਜਾਂਦੀ ਹੈ। ਲੋਹੇ ਅਤੇ ਲੱਕੜ ਦੀਆਂ ਬਣੀਆਂ ਚੀਜ਼ਾਂ ਦੀ ਪੂਜਾ ਉਸ ਪਰੰਪਰਾ ਦਾ ਪ੍ਰਤੀਕ ਹੈ ਜਿਸ ਵਿਚ ਅਸੀਂ ਕਿਸੇ ਵਸਤੂ ਦੀ ਵਰਤੋਂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਉਸ ਪ੍ਰਤੀ ਸ਼ੁਕਰਗੁਜ਼ਾਰ ਹੁੰਦੇ ਹਾਂ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਲੋੜ ਪੈਣ ‘ਤੇ ਹਥਿਆਰਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾ ਸਕਦੀ ਹੈ।’
ਉਨ੍ਹਾਂ ਅੱਗੇ ਕਿਹਾ, ‘ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਤਿਉਹਾਰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਜਦੋਂ ਭਗਵਾਨ ਰਾਮ ਨੇ ਬੁਰਾਈ ‘ਤੇ ਜਿੱਤ ਪ੍ਰਾਪਤ ਕੀਤੀ, ਇਹ ਮਨੁੱਖਤਾ ਦੀ ਜਿੱਤ ਸੀ। ਅਸੀਂ ਕਦੇ ਕਿਸੇ ਦੇਸ਼ ‘ਤੇ ਪਹਿਲਾ ਹਮਲਾ ਨਹੀਂ ਕੀਤਾ ਕਿਉਂਕਿ ਸਾਡੇ ਦਿਲ ‘ਚ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਉਨ੍ਹਾਂ ਕਿਹਾ ” ਅਸੀਂ ਉਦੋਂ ਹੀ ਲੜਾਈ ਲੜੀ ਹੈ ਜਦੋਂ ਕਿਸੇ ਵੀ ਦੇਸ਼ ਨੇ ਸਾਡੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਨਿਰਾਦਰ ਕੀਤਾ ਹੈ, ਜਦੋਂ ਕਿਸੇ ਦੇਸ਼ ਨੇ ਧਰਮ, ਸੱਚ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿਰੁੱਧ ਜੰਗ ਸ਼ੁਰੂ ਕੀਤੀ ਹੈ। ਸ਼ਸਤਰਾਂ ਦੀ ਪੂਜਾ ਕਰਨਾ ਇੱਕ ਪ੍ਰਤੀਕ ਹੈ ਜੋ ਲੋੜ ਪੈਣ ‘ਤੇ ਆਪਣੀ ਪੂਰੀ ਤਾਕਤ ਨਾਲ ਵਰਤਿਆ ਜਾ ਸਕਦਾ ਹੈ।