ਨਵੀਂ ਦਿੱਲੀ: ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ-ਚੀਨ ਸਰਹੱਦ ‘ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਅੱਜ ਮੰਗਲਵਾਰ ਸੰਸਦ ਭਵਨ ‘ਚ ਵੱਡਾ ਬਿਆਨ ਦੇ ਸਕਦੇ ਹਨ। ਦੱਸ ਦਈਏ ਕਿ ਵਿਰੋਧੀ ਪਾਰਟੀਆਂ ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਸੰਸਦ ਵਿਚ ਬਹਿਸ ਦੀ ਮੰਗ ਕਰ ਰਹੀਆਂ ਹਨ। ਇਸ ਲਈ ਵਿਰੋਧੀ ਧਿਰ ਵੱਲੋਂ ਇਸ ਮੁੱਦੇ ‘ਤੇ ਚਰਚਾ ਕਰਵਾਏ ਜਾਣ ਦੀ ਮੰਗ ਵਿਚਾਲੇ ਸਦਨ ‘ਚ ਰੱਖਿਆ ਮੰਤਰੀ ਦਾ ਬਿਆਨ ਕਾਫੀ ਮਹੱਤਵਪੂਰਨ ਹੋਵੇਗਾ।
ਸੋਮਵਾਰ ਨੂੰ ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਇਹ ਮਾਮਲਾ ਚੁੱਕਿਆ ਸੀ। ਪਰ ਸਪੀਕਰ ਨੇ ਇਸ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਮਾਨਸੂਨ ਸੈਸ਼ਨ ‘ਚ ਵਿਰੋਧੀ ਧਿਰ ਭਾਰਤ-ਚੀਨ ਸਰਹੱਦ ਵਿਵਾਦ, ਕੋਰੋਨਾ ਮਹਾਮਾਰੀ, ਕਮਜ਼ੋਰ ਆਰਥਿਕਤਾ ਅਤੇ ਬੇਰੁਜ਼ਗਾਰੀ ਵਰਗੇ ਹੋਰ ਵੀ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ‘ਚ ਹੈ।
ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਹਾਲ ਹੀ ‘ਚ ਮਾਸਕੋ ‘ਚ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗੇ ਨਾਲ ਮੁਲਾਕਾਤ ਹੋਈ ਸੀ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਦੀ ਵੀ ਚੀਨ ਦੇ ਹਮਰੂਤਬਾ ਵਾਂਗ ਯੀ ਦੇ ਨਾਲ ਮੁਲਾਕਾਤ ਕਰ ਚੁੱਕੇ ਹਨ।