ਰੱਖਿਆ ਮੰਤਰੀ ਨੇ ਚੋਟੀ ਦੇ ਸੈਨਿਕ ਅਧਿਕਾਰੀਆਂ ਨੂੰ ਸਪਸ਼ਟ ਤੌਰ ‘ਤੇ ਕਿਹਾ ਹੈ ਕਿ ਲੱਦਾਖ, ਸਿੱਕਮ, ਉਤਰਾਖੰਡ ਜਾਂ ਅਰੁਣਾਚਲ ਪ੍ਰਦੇਸ਼ ਵਿਚ ਅਸਲ ਕੰਟਰੋਲ ਰੇਖਾ ਦੇ ਨੇੜੇ ਕਿਸੇ ਵੀ ਮਹੱਤਵਪੂਰਨ ਪ੍ਰਾਜੈਕਟ ਦੇ ਲਾਗੂ ਹੋਣ ਦੀ ਸਮੀਖਿਆ ਕਰਨ ਦੀ ਜ਼ਰੂਰਤ ਨਹੀਂ ਹੈ। ਦੋਵਾਂ ਧਿਰਾਂ ਵਿਚਾਲੇ ਲਗਭਗ 20 ਦਿਨਾਂ ਦੇ ਤਣਾਅ ਦੇ ਮੱਦੇਨਜ਼ਰ, ਭਾਰਤੀ ਫੌਜ ਨੇ ਉੱਤਰੀ ਸਿੱਕਿਮ, ਉਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਤੋਂ ਇਲਾਵਾ ਲੱਦਾਖ ਵਿਚ ਸੰਵੇਦਨਸ਼ੀਲ ਸਰਹੱਦੀ ਇਲਾਕਿਆਂ ਵਿਚ ਆਪਣੀ ਮੌਜੂਦਗੀ ਦਰਜ ਕਰਵਾਉਣ ਦੇ ਨਾਲ ਹੀ ਚੀਨ ਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਭਾਰਤ ਕਿਸੇ ਵੀ ਤਰ੍ਹਾਂ ਦੇ ਹਮਲਾਵਰ ਰਵੱਈਏ ਦੇ ਅੱਗੇ ਨਹੀਂ ਝੁਕੇਗਾ।
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸੈਨਾ ਮੁੱਖੀ ਜਨਰਲ ਐਮਐਮ ਨਰਵਾਣੇ ਰੱਖਿਆ ਮੰਤਰੀ ਨੂੰ ਪੂਰਬੀ ਲੱਦਾਖ ਅਤੇ ਐਲਏਸੀ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੀ ਸਥਿਤੀ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਰੋਜ਼ਾਨਾ ਰਿਪੋਰਟ ਦੇ ਰਹੇ ਹਨ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਭਾਰਤ ਆਪਣੇ ਖੇਤਰ ਵਿੱਚ ਚੀਨ ਦੀ ਕਿਸੇ ਵੀ ਗਲਤ ਹਰਕਤ ਨੂੰ ਸਹਿਣ ਨਹੀਂ ਕਰੇਗਾ।
ਜ਼ਿਕਰਯੋਗ ਹੈ ਕਿ ਭਾਰਤ ਪਿਛਲੇ ਪੰਜ ਸਾਲਾਂ ਤੋਂ ਚੀਨ ਵੱਲੋਂ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਸੈਨਿਕ ਤਿਆਰੀ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਐਲਏਸੀ ਦੇ ਨਾਲ ਨਾਲ ਸੜਕਾਂ ਅਤੇ ਹੋਰ ਮਹੱਤਵਪੂਰਨ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ‘ਤੇ ਧਿਆਨ ਕੇਂਦ੍ਰਤ ਕਰ ਰਿਹਾ ਹੈ।