ਲਾਲ ਕਿਲ੍ਹੇ ਮਾਮਲੇ ‘ਚ ਦਿੱਲੀ ਦੀ ਇਕ ਅਦਾਲਤ ਨੇ ਦੀਪ ਸਿੱਧੂ ਅਤੇ ਹੋਰਾਂ ਨੂੰ ਤਾਜ਼ਾ ਸੰਮਨ ਕੀਤੇ ਜਾਰੀ

TeamGlobalPunjab
2 Min Read

ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿਖੇ ਹੋਈ  ਹਿੰਸਾ ਦੇ ਸੰਬੰਧ ਵਿਚ ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਦੀਪ ਸਿੱਧੂ ਅਤੇ ਹੋਰਾਂ ਨੂੰ ਤਾਜ਼ਾ ਸੰਮਨ ਜਾਰੀ ਕੀਤੇ ਹਨ। ਦੀਪ ਸਿੱਧੂ ‘ਤੇ ਹੰਗਾਮੇ ਦਾ ਮੁੱਖ ਸਾਜ਼ਿਸ਼ਕਰਤਾ ਹੋਣ ਦਾ ਇਲਜ਼ਾਮ ਹੈ। ਪੁਲਿਸ ਨੇ ਸਿੱਧੂ ਉੱਤੇ ਲਾਲ ਕਿਲ੍ਹੇ ਵਿੱਚ ਹਫੜਾ-ਦਫੜੀ ਮਚਾਉਣ ਦਾ ਵੀ ਦੋਸ਼ ਲਾਇਆ ਸੀ। ਇਸ ਦੇ ਨਾਲ ਹੀ ਸਿੱਧੂ ਨੂੰ ਦੰਗਾ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜਿਸ਼, ਡਕੈਤੀ, ਕਤਲੇਆਮ ਦੇ ਸਮੇਤ ਉਸਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਕਈ ਹੋਰ ਧਾਰਾਵਾਂ ਤਹਿਤ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚੀਫ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੇ ਸਾਰੇ ਮੁਲਜ਼ਮਾਂ ਨੂੰ 12 ਜੁਲਾਈ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਜੋ ਪਹਿਲਾਂ ਸੰਮਨ ਜਾਰੀ ਕੀਤੇ ਸਨ ਉਹ ਮੁਲਜ਼ਮਾਂ ਨੂੰ ਨਹੀਂ ਮਿਲੇ। ਜਿਸ ਤੋਂ ਬਾਅਦ ਅਦਾਲਤ ਨੇ ਤਾਜ਼ਾ ਸੰਮਨ ਜਾਰੀ ਕੀਤੇ ਹਨ।

ਸਿੱਧੂ ਨੂੰ 9 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਜੇਲ੍ਹ ਵਿੱਚ ਰਿਹਾ ਅਤੇ 17 ਅਪ੍ਰੈਲ ਨੂੰ ਜ਼ਮਾਨਤ ‘ਤੇ ਰਿਹਾ ਹੋਇਆ ਸੀ।ਇਸੇ ਦੌਰਾਨ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੋਮਵਾਰ ਨੂੰ ਲਾਲ ਕਿਲ੍ਹੇ ਵਿਖੇ ਗਣਤੰਤਰ ਦਿਵਸ ਦੀ ਹਿੰਸਾ ਦੇ ਮੁੱਖ ਮੁਲਜ਼ਮ ਨੂੰ ਅੰਮ੍ਰਿਤਸਰ, ਪੰਜਾਬ ਤੋਂ ਗ੍ਰਿਫ਼ਤਾਰ ਕੀਤਾ। ਡੀਸੀਪੀ ਸਪੈਸ਼ਲ ਸੈੱਲ ਸੰਜੀਵ ਯਾਦਵ ਦੇ ਅਨੁਸਾਰ ਵਿਅਕਤੀ ਗੁਰਜੋਤ ਸਿੰਘ ਦੇ ਸਿਰ ‘ਤੇ 1 ਲੱਖ ਰੁਪਏ ਦਾ ਇਨਾਮ ਸੀ। ਕਈ ਮਹੀਨਿਆਂ ਬਾਅਦ ਉਸਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਗਿਆ।

Share this Article
Leave a comment