ਡਾ: ਸੰਦੀਪ ਸੇਖੋਂ ਦਾ ਕਹਾਣੀ ਸੰਗ੍ਰਹਿ “ਝਾਂਜਰ ਦੀ ਚੀਸ” ਲੋਕ ਅਰਪਣ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਕੌਮੀ ਸਾਹਿਤ ਤੇ ਕਲਾ ਪਰਿਸ਼ਦ, ਚੇਤਨਾ ਪ੍ਰਕਾਸ਼ਨ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਡਾ: ਸੰਦੀਪ ਕੌਰ ਸੇਖੋਂ ਦੇ ਕਹਾਣੀ ਸੰਗ੍ਰਹਿ “ਝਾਂਜਰ ਦੀ ਚੀਸ” ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿਚ ਲੋਕ ਅਰਪਣ ਕੀਤਾ ਗਿਆ ਪ੍ਰੋ . ਪਰਮਿੰਦਰ ਸਿੰਘ ਭੋਗਲ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ ਜਦਕਿ ਸਮਾਗਮ ਦੀ ਪ੍ਰਧਾਨਗੀ ਸ੍ਰੀ ਓਮ ਪ੍ਰਕਾਸ਼ ਗਾਸੋ, ਇੰਦਰਜੀਤ ਪਾਲ ਕੌਰ ਭਿੰਡਰ ਅਤੇ ਪ੍ਰਵਾਸੀ ਪੰਜਾਬੀ ਰਾਜ ਝੱਜ ਨੇ ਕੀਤੀ।

ਇਸ ਮੌਕੇ ਪ੍ਰੋ. ਭੋਗਲ ਨੇ ਕਿਹਾ ਕਿ ਡਾ: ਸੇਖੋਂ ਜਿਥੇ ਸਿੱਖਿਆ ਦੇ ਖੇਤਰ ਵਿਚ ਨਵੀਂ ਪੀੜ੍ਹੀ ਨੂੰ ਗਿਆਨ ਵੰਡ ਰਹੀ ਹੈ, ਓਥੇ ਉਹ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਵੀ ਸਮਾਜ ਨੂੰ ਨਰੋਈ ਸੇਧ ਦੇ ਰਹੀ ਹੈ। ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਡਾ: ਸੇਖੋਂ ਆਉਣ ਵਾਲ਼ੇ ਸਮੇਂ ਵਿਚ ਕੇਵਲ ਔਰਤ ਦੇ ਨਜ਼ਰੀਏ ਤੋਂ ਅਗਾਂਹ ਵਧ ਕੇ ਸਮਾਜ ਲਈ ਹੋਰ ਵੀ ਮਾਅਰਕਾਖੇਜ਼ ਲਿਖਤਾਂ ਲਿਖੇਗੀ। ਸ੍ਰੀ ਗਾਸੋ ਨੇ ਕਿਹਾ ਕਿ ਸ਼ਬਦਾਂ ਦੀ ਇਕ ਸੰਸਕ੍ਰਿਤੀ ਹੁੰਦੀ ਹੈ ਤੇ ਡਾ: ਸੇਖੋਂ ਇਸ ਸੰਸਕ੍ਰਿਤੀ ਨੂੰ ਬਾਖੂਬੀ ਸਮਝਦੀ ਹੈ। ਉਹ ਆਪਣੇ ਲਫਜਾਂ ਰਾਹੀਂ ਆਪਣੇ ਪਾਤਰਾਂ ਦੀ ਤਾਸੀਰ ਤੇ ਤਮੰਨਾ ਨੂੰ ਪੇਸ਼ ਕਰਦੀ ਹੈ. ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਦੀਆਂ ਲਿਖਤਾਂ ਸਦੀਆਂ ਤੱਕ ਲੋਕ ਮਨਾਂ ਉਤੇ ਡੂੰਘਾ ਪ੍ਰਭਾਵ ਪਾਉਂਦੀਆਂ ਨੇ। ਬੀਬੀ ਭਿੰਡਰ ਨੇ ਡਾ: ਸੇਖੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਬਹੁਤ ਹੀ ਸੁਹਜ ਤੇ ਸੂਝ ਭਰੇ ਢੰਗ ਨਾਲ਼ ਗੁਆਚਦੇ ਜਾ ਰਹੇ ਲਫਜਾਂ ਨੂੰ ਆਪਣੀਆਂ ਕਹਾਣੀਆਂ ਵਿਚ ਪਰੋਇਆ ਹੈ।

ਕਿਤਾਬ ਬਾਰੇ ਵਿਚਾਰ ਚਰਚਾ ਦੌਰਾਨ ਭੋਲਾ ਸਿੰਘ ਸੰਘੇੜਾ, ਤਰਸੇਮ ਦਿਓਗਣ, ਪ੍ਰੋ . ਦਵਿੰਦਰ ਜੋਸ਼ੀ, ਬਲਕੌਰ ਸਿੰਘ ਗਿੱਲ, ਡਾ. ਗੁਰਚਰਨ ਕੌਰ ਕੋਛੜ, ਸਰਬਜੀਤ ਮਾਂਗਟ, ਡਾ: ਗੁਲਜ਼ਾਰ ਪੰਧੇਰ, ਗੁਰਦਿਆਲ ਦਲਾਲ, ਸਤਿਬੀਰ ਸਿੰਘ, ਤਰਲੋਚਨ ਨਾਟਕਕਾਰ ਅਤੇ ਹੋਰ ਲੇਖਕਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਦੀ ਕਾਰਵਾਈ ਸਤੀਸ਼ ਗੁਲਾਟੀ ਨੇ ਨਿਭਾਈ। ਇਸ ਮੌਕੇ ਪਰਗਟ ਸਿੰਘ ਗਰੇਵਾਲ, ਕਰਤਿੰਦਰ ਪਾਲ ਸਿੰਘ ਸਿੰਘਪੁਰਾ, ਅਮਰਜੀਤ ਕੌਰ ਸੇਖੋਂ, ਸਵਰਨ ਸਿੰਘ ਸਾਹਨੇਵਾਲ, ਸਹਿਜਪ੍ਰੀਤ ਸਿੰਘ ਮਾਂਗਟ, ਹਰਪ੍ਰੀਤ ਸਿੰਘ ਗੁਰਮ, ਕਰਮਜੀਤ ਸਿੰਘ ਨਾਰੰਗਵਾਲ, ਅਮਨਦੀਪ ਦਰਦੀ, ਹਰਦਿਆਲ ਸਿੰਘ ਪ੍ਰਵਾਨਾ ਅਤੇ ਹੋਰ ਸਾਹਿੱਤ ਪ੍ਰੇਮੀ ਹਾਜ਼ਰ ਸਨ।

Share This Article
Leave a Comment