ਮਨੀਲਾ: ਸੂਬਾਈ ਗਵਰਨਰ ਨੇ ਐਤਵਾਰ ਨੂੰ ਕਿਹਾ ਕਿ ਤੂਫਾਨ ਰਾਏ ਦੇ ਮੱਦੇਨਜ਼ਰ ਮੱਧ ਫਿਲੀਪੀਨ ਦੇ ਬੋਹੋਲ ਸੂਬੇ ਵਿੱਚ ਘੱਟੋ-ਘੱਟ 72 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ਭਰ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 100 ਤੋਂ ਉੱਪਰ ਹੋ ਗਈ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਟਾਈਫੂਨ ਰਾਏ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਐਤਵਾਰ ਨੂੰ ਰਾਹਤ ਕਾਰਜ ਤੇਜ਼ ਕਰ ਦਿੱਤੇ ਹਨ । ਇਸਨੂੰ ਇਸ ਸਾਲ ਦਾ ਫਿਲੀਪੀਨਜ਼ ‘ਚ ਸ਼ਕਤੀਸ਼ਾਲੀ ਤੂਫਾਨ ਮੰਨਿਆ ਗਿਆ ਹੈ।
ਇਸ ਸਾਲ ਦੇਸ਼ ਨੇ ਜਿਸ ਤੂਫ਼ਾਨ ਦਾ ਸਾਹਮਣਾ ਕੀਤਾ ਹੈ ਉਸ ’ਚ ਮਰਨ ਵਾਲਿਆਂ ਦੀ ਗਿਣਤੀ 146 ਦੇ ਆਸਪਾਸ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮੱਧ ਫਿਲਪੀਨ ’ਚ ਵੀਰਵਾਰ ਤੇ ਸ਼ੁੱਕਰਵਾਰ ਨੂੰ ਤੂਫ਼ਾਨ ਨਾਲ ਭਾਰੀ ਤਬਾਹੀ ਹੋਈ। ਕਰੀਬ 7,80,000 ਲੋਕ ਪ੍ਰਭਾਵਿਤ ਹੋਏ। ਇਨ੍ਹਾਂ ’ਚੋਂ 3,00,000 ਲੋਕਾਂ ਨੂੰ ਆਪਣਾ ਘਰ ਬਾਰ ਛੱਡ ਕੇ ਭੱਜਣਾ ਪਿਆ।
ਬੋਹੋਲ ਸੂਬੇ ਦੇ ਗਵਰਨਰ ਆਰਥਰ ਯਾਪ ਨੇ ਕਿਹਾ ਕਿ 10 ਹੋਰ ਲਾਪਤਾ ਹਨ ਤੇ 13 ਹੋਰ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ, ਕਿਉਂਕਿ ਸੰਚਾਰ ਵਿਵਸਥਾ ਤਬਾਹ ਹੋ ਜਾਣ ਕਾਰਨ 48 ਮੇਅਰਾਂ ’ਚੋਂ ਸਿਰਫ਼ 33 ਹੀ ਉਨ੍ਹਾਂ ਨਾਲ ਸੰਪਰਕ ਕਰ ਸਕੇ ਹਨ। ਅਧਿਕਾਰੀ ਤਬਾਹੀ ਤੇ ਵੱਡੀ ਗਿਣਤੀ ’ਚ ਹੋਈਆਂ ਮੌਤਾਂ ਦੀ ਗਿਣਤੀ ਦਾ ਪਤਾ ਲਗਾਉਣ ’ਚ ਲੱਗੇ ਹਨ। ਫੇਸਬੁੱਕ ’ਤੇ ਪੋਸਟ ’ਚ ਯਾਪ ਨੇ ਆਪਣੇ ਸੂਬੇ ’ਚ ਮੇਅਰਾਂ ਨੂੰ ਰਾਹਤ ਉਪਾਅ ਤੇਜ਼ ਕਰਨ ਲਈ ਕਿਹਾ ਹੈ। 12 ਲੱਖ ਦੀ ਅਬਾਦੀ ਵਾਲੇ ਸੂਬੇ ’ਚ ਗਵਰਨਰ ਨੇ ਲੋਕਾਂ ਤਕ ਪੀਣ ਵਾਲੇ ਪਾਣੀ ਦੇ ਨਾਲ ਹੀ ਭੋਜਨ ਪੈਕੇਟ ਯਕੀਨੀ ਬਣਾਉਣ ਲਈ ਮੇਅਰਾਂ ਨੂੰ ਆਪਣੀ ਐਮਰਜੈਂਸੀ ਸ਼ਕਤੀਆਂ ਦਾ ਇਸਤੇਮਾਲ ਕਰਨ ਨੂੰ ਕਿਹਾ ਹੈ।