ਰੰਗਮੰਚ ਦੀ ਪ੍ਰਸਿੱਧ ਹਸਤੀ ਗੁਰਚਰਨ ਸਿੰਘ ਚੰਨੀ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਚੰਡੀਗੜ੍ਹ ਰੰਗਮੰਚ ਦੀ ਪ੍ਰਸਿੱਧ ਹਸਤੀ ਗੁਰਚਰਨ ਸਿੰਘ ਚੰਨੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਕਰੋਨਾ ਪੀੜਤ ਹੋਣ ਕਾਰਨ ਉਹ ਪਿਛਲੇ ਲਗਪਗ ਇਕ ਮਹੀਨੇ ਤੋਂ ਮੁਹਾਲੀ ਸਥਿਤ ਫੋਰਟਿਸ ਹਸਪਤਾਲ ਵਿੱਚ ਦਾਖਿਲ ਸਨ। ਚੰਨੀ ਚੰਡੀਗੜ੍ਹ ਦੀ ਜਾਣੀ ਪਛਾਣੀ ਸਖਸ਼ੀਅਤ ਸੀ। ਉਹ ਪੰਜਾਬ ਯੂਨੀਵਰਸਟੀ ਦੇ ਥੀਏਟਰ ਵਿਭਾਗ ਜਿਸ ਦੇ ਮੁਖੀ ਬਲਵੰਤ ਗਾਰਗੀ ਸੀ, ਦੇ ਪਹਿਲੇ ਬੈਚ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਚੰਡੀਗੜ੍ਹ ਅਤੇ ਹੋਰ ਥਾਂਵਾਂ ‘ਤੇ ਸਮਾਜ ਉਪਰ ਕਟਾਖਸ਼ ਕਰਦੇ ਨੁੱਕੜ ਨਾਟਕ ਖੇਡੇ। ਸ਼੍ਰੀ ਚੰਨੀ ਨੇ ਪੰਜਾਬੀ ਸੱਭਿਆਚਾਰ, ਕਿਲਿਆਂ ਤੇ ਡਾਂਸ ਉਪਰ ਬਹੁਤ ਸਾਰੀਆਂ ਡਾਕੂਮੈਂਟਰੀਆਂ ਤਿਆਰ ਕੀਤੀਆਂ। ਬਿਮਾਰ ਹੋਣ ਤੋਂ ਪਹਿਲਾਂ ਗੁਰਚਰਨ ਸਿੰਘ ਚੰਨੀ ਹਸਪਤਾਲਾਂ ਵਿੱਚ ਜਾ ਕੇ ਮਰੀਜ਼ਾਂ ਨੂੰ ਜੋਕਰ ਬਣ ਕੇ ਹਸਾਉਂਦੇ ਸਨ ਤਾਂ ਕਿ ਮਰੀਜ਼ ਮਨੋਰੋਗਾਂ ਤੋਂ ਅਤੇ ਆਪਣੀ ਬਿਮਾਰੀ ਤੋਂ ਤਣਾਅਮੁਕਤ ਹੋ ਸਕਣ। ਪਰ ਜਦੋਂ ਉਹ ਹਸਪਤਾਲ ਵਿੱਚ ਦਾਖਿਲ ਸਨ ਤਾਂ ਉਨ੍ਹਾਂ ਨੂੰ ਕੋਈ ਤਣਾਅਮੁਕਤ ਕਰਨ ਨਹੀਂ ਆਇਆ।

ਰੰਗਮੰਚ ਨੂੰ ਸਮਰਪਿਤ, ਬੇਬਾਕ ਤੇ ਸਿਰੜੀ ਨਾਟਕਰਮੀ ਗੁਰਚਰਨ ਸਿੰਘ ਚੰਨੀ ਦਾ ਵਿਛੋੜਾ ਰੰਗਮੰਚ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ।ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਇਪਟਾ ਕਾਰਕੁਨ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਜੇ ਸੀ ਪਰਿੰਦਾ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਡਾ.ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ, ਵਿੱਕੀ ਮਹੇਸਰੀ, ਇੰਦਜੀਤ ਮੋਗਾ ਤੋਂ ਇਲਾਵਾ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ‘ਕੁੱਕੂ, ਸੈਵੀ ਸਤਵਿੰਦਰ ਕੌਰ ਅਤੇ ਰਿੱਤੂਰਾਗ ਨੇ ਚੰਨੀ ਹੋਰਾਂ ਦੇ ਵਿਛੌੜੇ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਉਨਾਂ ਦੇ ਪ੍ਰੀਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਕਿਹਾ ਕਿ ਗੁਰਚਰਨ ਸਿੰਘ ਚੰਨੀ ਨੇ ਜਿੱਥੇ ਆਪਣੇ ਨਾਟਕਾਂ/ਨੁਕੜ ਨਾਟਕਾਂ ਵਿਚ ਸਮਾਜਿਕ ਸਰੋਕਾਰਾਂ ਤੇ ਦੱਬੇ-ਕੁੱਚਲੇ ਵਰਗ ਦੇ ਮਸਲੇ ਬੜੀ ਗੰਭੀਰਤਾ ਨਾਲ ਉਠਾਏ, ਉਥੇ ਹੀ ਫਿਲਮਾਂ ਵਿਚ ਬਤੌਰ ਅਦਾਕਾਰ ਅਤੇ ਜਲੰਧਰ ਤੇ ਦਿੱਲੀ ਦੂਰਸਰਸ਼ਨ ਲਈ ਟੈਲੀ ਫਿਲਮਾਂ ਵੀ ਬਣਾਈਆਂ।

Share this Article
Leave a comment