ਨਿਊਜ਼ ਡੈਸਕ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਰਵਿਵਾਰ ਨੂੰ ਐਲਾਨ ਕੀਤਾ ਕਿ ਚਿੰਡਵਾੜਾ ਵਿੱਚ 7 ਸਤੰਬਰ ਤੋਂ ਬੱਚਿਆਂ ਦੀਆਂ ਮੌਤਾਂ ਤੋਂ ਬਾਅਦ ਰਾਜ ਸਰਕਾਰ ਨੇ ਕੋਲਡਰਿਫ਼ ਕਫ਼ ਸਿਰਪ ‘ਤੇ ਪੂਰੇ ਸੂਬੇ ਵਿੱਚ ਬੈਨ ਲਗਾ ਦਿੱਤਾ ਹੈ। ਇਸ ਦੌਰਾਨ, ਮੱਧ ਪ੍ਰਦੇਸ਼ ਵਿੱਚ ਖੰਘ ਦੀਆਂ ਦਵਾਈਆਂ ਨਾਲ ਜੁੜੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ, ਕੇਂਦਰੀ ਔਸ਼ਧ ਮਾਪਦੰਡ ਨਿਯੰਤਰਣ ਸੰਸਥਾ (ਸੀਡੀਐਸਓ) ਨੇ 6 ਨਮੂਨਿਆਂ ਦੀ ਜਾਂਚ ਕੀਤੀ ਸੀ, ਜਿਨ੍ਹਾਂ ਵਿੱਚ ਖ਼ਤਰਨਾਕ ਡਾਇਥੀਲੀਨ ਗਲਾਈਕਾਲ (ਡੀਈਜੀ) ਜਾਂ ਐਥੀਲੀਨ ਗਲਾਈਕਾਲ (ਈਜੀ) ਨਹੀਂ ਮਿਲਿਆ। ਇਹ ਦੋਵੇਂ ਰਸਾਇਣ ਕਿਡਨੀ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ।
ਮੱਧ ਪ੍ਰਦੇਸ਼ ਖਾਦ ਅਤੇ ਔਸ਼ਧ ਪ੍ਰਸ਼ਾਸਨ (ਐੱਮਪੀਐੱਫ਼ਡੀਏ) ਨੇ 13 ਨਮੂਨੇ ਲਏ ਸਨ, ਜਿਨ੍ਹਾਂ ਵਿੱਚੋਂ 3 ਦੀ ਜਾਂਚ ਹੋਈ ਅਤੇ ਉਹ ਸਾਰੇ ਸੁਰੱਖਿਅਤ ਪਾਏ ਗਏ। ਪਰ, ਰਾਜ ਸਰਕਾਰ ਦੀ ਬੇਨਤੀ ‘ਤੇ ਤਾਮਿਲਨਾਡੂ ਐੱਫ਼ਡੀਏ ਨੇ ਕੰਪਨੀ ਐੱਮ/ਐੱਸ ਐੱਸਰੇਸਨ ਫ਼ਾਰਮਾ (ਕਾਂਚੀਪੁਰਮ, ਤਾਮਿਲਨਾਡੂ) ਤੋਂ “ਕੋਲਡਰਿਫ਼ ਕਫ਼ ਸਿਰਪ” ਦੇ ਨਮੂਨੇ ਲਏ। ਇਨ੍ਹਾਂ ਨਮੂਨਿਆਂ ਦੀ ਜਾਂਚ ਰਿਪੋਰਟ 3 ਸਤੰਬਰ ਦੀ ਸ਼ਾਮ ਨੂੰ ਆਈ, ਜਿਸ ਵਿੱਚ ਪਾਇਆ ਗਿਆ ਕਿ ਦਵਾਈ ਵਿੱਚ ਡੀਈਜੀ ਨਿਰਧਾਰਿਤ ਹੱਦ ਤੋਂ ਵੱਧ ਹੈ।
ਇਸੇ ਵਿਚਕਾਰ, 3 ਅਕਤੂਬਰ ਤੋਂ ਦੇਸ਼ ਦੇ 6 ਰਾਜਾਂ ਵਿੱਚ 19 ਦਵਾਈਆਂ ਦੇ ਉਤਪਾਦਨ ਥਾਵਾਂ ‘ਤੇ ਜਾਂਚ ਸ਼ੁਰੂ ਹੋ ਗਈ ਹੈ। ਇਸ ਦਾ ਉਦੇਸ਼ ਇਹ ਜਾਣਨਾ ਹੈ ਕਿ ਗੁਣਵੱਤਾ ਵਿੱਚ ਕਮੀ ਕਿੱਥੇ ਹੋਈ ਅਤੇ ਭਵਿੱਖ ਵਿੱਚ ਅਜਿਹੀ ਭੁਲਾ ਨਾ ਦੁਹਰਾਈ ਜਾਵੇ। ਇਸ ਤੋਂ ਇਲਾਵਾ, ਐੱਨਆਈਵੀ, ਆਈਸੀਐੱਮਆਰ, ਨੀਰੀ, ਸੀਡੀਐੱਸਓ ਅਤੇ ਐੱਸਐੱਸਆਈਐੱਮਐੱਸ ਨਾਗਪੁਰ ਦੀਆਂ ਟੀਮਾਂ ਵੱਖ-ਵੱਖ ਨਮੂਨਿਆਂ ਅਤੇ ਹਾਲਾਤਾਂ ਦੀ ਪੜਚੋਲ ਕਰ ਰਹੀਆਂ ਹਨ, ਤਾਂ ਜੋ ਚਿੰਡਵਾੜਾ ਅਤੇ ਨੇੜਲੇ ਇਲਾਕਿਆਂ ਵਿੱਚ ਬੱਚਿਆਂ ਦੀਆਂ ਮੌਤਾਂ ਦਾ ਅਸਲੀ ਕਾਰਨ ਪਤਾ ਲੱਗ ਸਕੇ।
ਸੀਐੱਮ ਮੋਹਨ ਯਾਦਵ ਦਾ ਬਿਆਨ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਟਵੀਟ ਕਰਦਿਆਂ ਲਿਖਿਆ, “ਚਿੰਡਵਾੜਾ ਵਿੱਚ ਕੋਲਡਰਿਫ਼ ਸਿਰਪ ਕਾਰਨ ਹੋਈਆਂ ਬੱਚਿਆਂ ਦੀਆਂ ਮੌਤਾਂ ਬਹੁਤ ਦੁਖਦਾਈ ਹਨ। ਇਸ ਸਿਰਪ ਦੀ ਵਿਕਰੀ ਨੂੰ ਪੂਰੇ ਮੱਧ ਪ੍ਰਦੇਸ਼ ਵਿੱਚ ਬੈਨ ਕਰ ਦਿੱਤਾ ਗਿਆ ਹੈ। ਸਿਰਪ ਬਣਾਉਣ ਵਾਲੀ ਕੰਪਨੀ ਦੇ ਹੋਰ ਉਤਪਾਦਾਂ ਦੀ ਵਿਕਰੀ ‘ਤੇ ਵੀ ਬੈਨ ਲਗਾਇਆ ਜਾ ਰਿਹਾ ਹੈ। ਸਿਰਪ ਬਣਾਉਣ ਵਾਲੀ ਫ਼ੈਕਟਰੀ ਕਾਂਚੀਪੁਰਮ ਵਿੱਚ ਹੈ, ਇਸ ਲਈ ਘਟਨਾ ਦੇ ਪਤਾ ਲੱਗਣ ਤੁਰੰਤ ਰਾਜ ਸਰਕਾਰ ਨੇ ਤਾਮਿਲਨਾਡੂ ਸਰਕਾਰ ਨੂੰ ਜਾਂਚ ਲਈ ਕਿਹਾ ਸੀ। ਅੱਜ ਸਵੇਰੇ ਜਾਂਚ ਰਿਪੋਰਟ ਮਿਲੀ। ਰਿਪੋਰਟ ਅਧਾਰਤ ਸਖਤ ਕਾਰਵਾਈ ਕੀਤੀ ਗਈ ਹੈ। ਬੱਚਿਆਂ ਦੀਆਂ ਦੁਖਦਾਈ ਮੌਤਾਂ ਤੋਂ ਬਾਅਦ ਸਥਾਨਕ ਪੱਧਰ ‘ਤੇ ਕਾਰਵਾਈ ਚੱਲ ਰਹੀ ਸੀ। ਸੂਬਾ ਪੱਧਰ ‘ਤੇ ਵੀ ਜਾਂਚ ਲਈ ਟੀਮ ਬਣਾਈ ਗਈ ਹੈ। ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ਿਆ ਜਾਵੇਗਾ।”
ਤਾਮਿਲਨਾਡੂ ਸਰਕਾਰ ਨੇ ਵੀ ਲਗਾਇਆ ਬੈਨ
ਇਸ ਤੋਂ ਪਹਿਲਾਂ, ਤਾਮਿਲਨਾਡੂ ਸਰਕਾਰ ਨੇ ਨਮੂਨਿਆਂ ਵਿੱਚ ਜ਼ਹਿਰੀਲੇ ਪਦਾਰਥ ਮਿਲਣ ਤੋਂ ਬਾਅਦ ਇਸ ਕਫ਼ ਸਿਰਪ ਬ੍ਰਾਂਡ ‘ਤੇ ਬੈਨ ਲਗਾਉਣ ਦਾ ਐਲਾਨ ਕੀਤਾ ਸੀ। ਖਾਦ ਸੁਰੱਖਿਆ ਅਤੇ ਔਸ਼ਧ ਪ੍ਰਸ਼ਾਸਨ ਵਿਭਾਗ ਦੇ ਅਧਿਕਾਰੀਆਂ ਨੇ ਤਾਮਿਲਨਾਡੂ ਵਿੱਚ ਸਥਿਤ ਕੰਪਨੀ ਤੋਂ ਜਵਾਬ ਮੰਗਿਆ ਹੈ ਅਤੇ ਪਲਾਂਟ ਵਿੱਚ ਉਤਪਾਦਨ ਬੰਦ ਕਰਨ ਦਾ ਹੁਕਮ ਦਿੱਤਾ ਹੈ। ਅਧਿਕਾਰੀਆਂ ਅਨੁਸਾਰ, 7 ਸਤੰਬਰ ਤੋਂ ਹੁਣ ਤੱਕ ਸ਼ੱਕੀ ਕਿਡਨੀ ਫੇਲ ਹੋਣ ਕਾਰਨ ਨੌਂ ਬੱਚਿਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਸ ਸਮੇਂ, ਚਿੰਡਵਾੜਾ ਅਤੇ ਨਾਗਪੁਰ ਦੇ ਅੱਠ ਬੱਚਿਆਂ ਸਮੇਤ 13 ਬੱਚਿਆਂ ਦਾ ਇਲਾਜ ਚੱਲ ਰਿਹਾ ਹੈ।