ਉਨਾਓ: ਪੂਰਬੀ ਯੂਪੀ ਤੇ ਬਿਹਾਰ ਵਿੱਚ ਗੰਗਾ ਨਦੀ ‘ਚ ਅਣਪਛਾਤੀਆਂ ਮ੍ਰਿਤਕ ਦੇਹਾਂ ਨੂੰ ਤੈਰਦਾ ਹੋਇਆ ਦੇਖੇ ਜਾਣ ਤੋਂ ਚਾਰ ਦਿਨ ਬਾਅਦ ਉਨਾਓ ਤੋਂ ਵੀ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਕ ਰਿਪੋਰਟ ਵਿੱਚ ਪਤਾ ਚੱਲਿਆ ਹੈ ਕਿ ਉਨਾਓ ਜ਼ਿਲ੍ਹੇ ਵਿਚ ਗੰਗਾ ਨਦੀ ਦੇ ਕਿਨਾਰੇ ਦੋ ਥਾਵਾਂ ਤੇ ਕਈ ਮ੍ਰਿਤਕ ਦੇਹਾਂ ਰੇਤ ਵਿੱਚ ਦਫ਼ਨ ਕੀਤੀਆਂ ਮਿਲੀਆਂ ਹਨ। ਦੋ ਥਾਵਾਂ ‘ਤੇ ਸਥਾਨਕ ਲੋਕਾਂ ਨੇ ਮ੍ਰਿਤਕ ਦੇਹਾਂ ਨੂੰ ਦੇਖਿਆ।
ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਦੇਹਾਂ ਕੇਸਰੀ ਕੱਪੜੇ ‘ਚ ਲਪੇਟੀਆਂ ਹੋਈਆਂ ਸਨ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਲਾਸ਼ਾਂ ਕੋਰੋਨਾ ਮਰੀਜ਼ਾਂ ਦੀਆਂ ਹਨ।
ਉੱਥੇ ਹੀ ਉਨਾਓ ਦੇ ਡੀਐਮ ਰਵਿੰਦਰ ਕੁਮਾਰ ਨੇ ਕਿਹਾ ਕਿ, ਉਨ੍ਹਾਂ ਨੇ ਅਫ਼ਸਰਾਂ ਨੂੰ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਹਨ।
ਦੂਜੇ ਪਾਸੇ, ਬਲੀਆ ‘ਚ ਗੰਗਾ ਨਦੀ ‘ਚੋਂ ਮੰਗਲਵਾਰ ਰਾਤ ਨੂੰ 7 ਹੋਰ ਲਾਸ਼ਾਂ ਮਿਲੀਆਂ ਹਨ। ਇਸ ਦੇ ਨਾਲ, ਨਦੀ ਵਿੱਚੋਂ ਕੱਢੀਆਂ ਗਈਆਂ ਲਾਸ਼ਾਂ ਦੀ ਕੁਲ ਗਿਣਤੀ 52 ਹੋ ਗਈ ਹੈ।