ਚੰਡੀਗੜ੍ਹ:ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਅੱਜ ਚੰਡੀਗੜ੍ਹ ‘ਚ ਕੇਂਦਰ ਸਰਕਾਰ ਨਾਲ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੋਈ ਮੀਟਿੰਗ ਬੇਸਿੱਟਾ ਰਹੀ ਸੀ। ਕੇਂਦਰ ਸਰਕਾਰ ਵੱਲੋਂ ਮੀਟਿੰਗ ’ਚ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਪ੍ਰਹਿਲਾਦ ਜੋਸ਼ੀ ਅਤੇ ਸ਼ਿਵਰਾਜ ਸਿੰਘ ਚੌਹਾਨ ਸ਼ਾਮਲ ਹੋਣਗੇ। ਜਦਕਿ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਸਣੇ ਤਕਰੀਬਨ 28 ਕਿਸਾਨ ਮੀਟਿੰਗ ’ਚ ਸ਼ਾਮਲ ਹੋਣਗੇ।
ਉੱਥੇ ਹੀ ਦੂਜੇ ਪਾਸੇ ਮੀਟਿੰਗ ਤੋਂ ਪਹਿਲਾਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ’ਚ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਦੀ ਗੱਲ ਆਖੀ ਹੈ।
ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਦੇ ਨਾਲ ਕਿਸਾਨਾਂ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਅਸੀਂ ਸਰਕਾਰ ਤੋਂ ਅਪੀਲ ਕਰਾਂਗੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਤੋਂ ਵਿਚਾਲੇ ਦੇ ਰਸਤੇ ’ਤੇ ਕੋਈ ਸਹਿਮਤੀ ਨਹੀਂ ਹੋਵੇਗੀ ਸਹਿਮਤੀ ਸਿਰਫ ਕਿਸਾਨਾਂ ਦੀ ਮੰਗ ਐਮਐਸਪੀ ਦੇ ਕਾਨੂੰਨ ਨੂੰ ਲੈ ਕੇ ਹੋਵੇਗੀ।
ਡੱਲੇਵਾਲ ਖਨੌਰੀ ਬਾਰਡਰ ਤੋਂ ਪ੍ਰਾਈਵੇਟ ਐਬੂਲੈਂਸ ’ਚ ਸਵਾਰ ਹੋ ਕੇ ਚੰਡੀਗੜ੍ਹ ਲਈ ਰਵਾਨਾ ਹੋਏ ਹਨ। ਰਵਾਨਗੀ ਤੋਂ ਪਹਿਲਾਂ ਕਿਸਾਨਾਂ ਨੇ ਅਰਦਾਸ ਕੀਤੀ। ਦੱਸ ਦਈਏ ਕਿ ਡੱਲੇਵਾਲ ਤੋਂ ਵੱਖ 28 ਕਿਸਾਨ ਆਗੂ ਕੇਂਦਰ ਅਤੇ ਕਿਸਾਨਾਂ ਦੀ ਅਹਿਮ ਮੀਟਿੰਗ ’ਚ ਸ਼ਾਮਲ ਹੋਣ ਦੇ ਲਈ ਰਵਾਨਾ ਹੋਏ ਹਨ।