ਦਲਾਈ ਲਾਮਾ ਦੇ ਉੱਤਰਾਧਿਕਾਰੀ ਦੀ ਚੋਣ ਪੁਸ਼ਟੀ, ਚੀਨ ਨਾਲ ਵਿਵਾਦ ਸ਼ੁਰੂ

Global Team
3 Min Read

ਨਿਊਜ਼ ਡੈਸਕ: ਤਿੱਬਤੀ ਬੁੱਧ ਧਰਮ ਦੇ ਮੁਖੀ ਦਲਾਈ ਲਾਮਾ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਚੋਣ ਕੀਤੀ ਜਾਵੇਗੀ, ਜਿਸ ਨਾਲ ਸੈਂਕੜੇ ਸਾਲਾਂ ਤੋਂ ਚੱਲੀ ਆ ਰਹੀ ਤਿੱਬਤੀ ਬੁੱਧ ਧਰਮ ਦੇ ਸਰਵਉੱਚ ਧਰਮਗੁਰੂ ਦੀ ਚੋਣ ਦੀ ਪਰੰਪਰਾ ਜਾਰੀ ਰਹੇਗੀ। ਮੌਜੂਦਾ 14ਵੇਂ ਦਲਾਈ ਲਾਮਾ, ਤੇਨਜ਼ਿਨ ਗਿਆਤਸੋ, ਨੇ ਕਿਹਾ ਕਿ ਉਨ੍ਹਾਂ ਦੇ ਉੱਤਰਾਧਿਕਾਰੀ ਦਾ ਫੈਸਲਾ ਗਦੇਨ ਫੋਡਰੰਗ ਟਰੱਸਟ ਦੁਆਰਾ ਕੀਤਾ ਜਾਵੇਗਾ, ਜਿਸ ਵਿੱਚ ਕਿਸੇ ਵੀ ਬਾਹਰੀ ਦਖਲਅੰਦਾਜ਼ੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਬਿਆਨ ਨੇ ਚੀਨ, ਭਾਰਤ ਅਤੇ ਅਮਰੀਕਾ ਵਿੱਚ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ, ਕਿਉਂਕਿ ਦਲਾਈ ਲਾਮਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਚੀਨ ਦੇ ਬਾਹਰ ਜਨਮ ਲਵੇਗਾ, ਅਤੇ ਚੀਨ ਵੱਲੋਂ ਚੁਣਿਆ ਗਿਆ ਕੋਈ ਵੀ ਵਿਅਕਤੀ ਅਸਵੀਕਾਰ ਕੀਤਾ ਜਾਵੇਗਾ।

ਤਿੱਬਤੀ ਬੁੱਧ ਧਰਮ ਵਿੱਚ ਦਲਾਈ ਲਾਮਾ ਦੀ ਚੋਣ ਪੁਨਰਜਨਮ ਦੇ ਸਿਧਾਂਤ ’ਤੇ ਅਧਾਰਤ ਹੈ। ਮੌਜੂਦਾ ਦਲਾਈ ਲਾਮਾ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੀ ਆਤਮਾ ਨਵਜੰਮੇ ਬੱਚੇ ਵਿੱਚ ਪ੍ਰਵੇਸ਼ ਕਰਦੀ ਹੈ। ਇਸ ਪ੍ਰਕਿਰਿਆ ਵਿੱਚ ਉੱਚ ਲਾਮਿਆਂ ਵਲੋਂ ਸੁਪਨਿਆਂ, ਸੰਕੇਤਾਂ ਅਤੇ ਭਵਿੱਖਬਾਣੀਆਂ ਦੀ ਮਦਦ ਨਾਲ ਉੱਤਰਾਧਿਕਾਰੀ ਦੀ ਖੋਜ ਕੀਤੀ ਜਾਂਦੀ ਹੈ। ਪਿਛਲੇ ਦਲਾਈ ਲਾਮਾ ਦੇ ਅੰਤਿਮ ਸੰਸਕਾਰ ਦੌਰਾਨ ਧੂੰਏ ਦੀ ਦਿਸ਼ਾ ਅਤੇ ਮੌਤ ਸਮੇਂ ਉਨ੍ਹਾਂ ਦੀ ਨਜ਼ਰ ਦੀ ਦਿਸ਼ਾ ਵੀ ਮਹੱਤਵਪੂਰਨ ਸੰਕੇਤ ਹੁੰਦੀ ਹੈ। ਸੰਭਾਵੀ ਬੱਚੇ ਦੀ ਪਛਾਣ ਲਈ ਪਿਛਲੇ ਦਲਾਈ ਲਾਮਾ ਦੀਆਂ ਵਸਤੂਆਂ, ਜਿਵੇਂ ਮਾਲਾ ਜਾਂ ਛੜੀ, ਨੂੰ ਪਹਿਚਾਨਣ ਦੀ ਪ੍ਰੀਖਿਆ ਲਈ ਜਾਂਦੀ ਹੈ। ਸਫਲ ਬੱਚੇ ਨੂੰ ਤਿੱਬਤੀ ਸਭਿਆਚਾਰ, ਬੁੱਧ ਧਰਮ ਅਤੇ ਦਰਸ਼ਨ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਮੌਜੂਦਾ ਦਲਾਈ ਲਾਮਾ, ਜਿਨ੍ਹਾਂ ਦਾ ਜਨਮ 1935 ਵਿੱਚ ਕਿਂਘਈ ਪ੍ਰਾਂਤ ਦੇ ਇੱਕ ਕਿਸਾਨ ਪਰਿਵਾਰ ਵਿੱਚ ਲਹਾਮੋ ਧੋਂਡੁਪ ਵਜੋਂ ਹੋਇਆ, ਦੀ ਪਛਾਣ 2 ਸਾਲ ਦੀ ਉਮਰ ਵਿੱਚ ਪੁਨਰਜਨਮ ਦੇ ਰੂਪ ਵਿੱਚ ਹੋਈ ਸੀ। 4 ਸਾਲ ਦੀ ਖੋਜ ਤੋਂ ਬਾਅਦ, ਉਨ੍ਹਾਂ ਨੇ 13ਵੇਂ ਦਲਾਈ ਲਾਮਾ ਦੀਆਂ ਵਸਤੂਆਂ ਨੂੰ ਪਹਿਚਾਣ ਕੇ ਕਿਹਾ, “ਇਹ ਮੇਰੀਆਂ ਹਨ।” 1940 ਵਿੱਚ ਉਨ੍ਹਾਂ ਨੂੰ ਲਹਾਸਾ ਦੇ ਪੋਟਾਲਾ ਪੈਲੇਸ ਵਿੱਚ ਤਿੱਬਤ ਦੇ ਧਰਮਗੁਰੂ ਵਜੋਂ ਮਾਨਤਾ ਦਿੱਤੀ ਗਈ।

ਇਸ ਵਾਰ, ਦਲਾਈ ਲਾਮਾ ਨੇ ਸੰਕੇਤ ਦਿੱਤਾ ਕਿ ਪੁਨਰਜਨਮ ਤੋਂ ਇਲਾਵਾ ‘ਉਦਭਵ’ (emanation) ਵੀ ਉੱਤਰਾਧਿਕਾਰ ਦਾ ਵਿਕਲਪ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ਦੇ ਜੀਵਨਕਾਲ ਵਿੱਚ ਹੀ ਉੱਤਰਾਧਿਕਾਰੀ ਦੀ ਚੋਣ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰਾਧਿਕਾਰੀ ‘ਸੁਤੰਤਰ ਦੁਨੀਆ’ ਵਿੱਚ, ਸੰਭਾਵਤ ਤੌਰ ’ਤੇ ਭਾਰਤ (ਉੱਤਰਾਖੰਡ, ਹਿਮਾਚਲ ਜਾਂ ਲੱਦਾਖ) ਵਿੱਚ ਜਨਮ ਲਵੇਗਾ, ਨਾ ਕਿ ਚੀਨ ਦੇ ਨਿਯੰਤਰਣ ਵਾਲੇ ਖੇਤਰ ਵਿੱਚ। ਇਹ ਪ੍ਰਕਿਰਿਆ ਗਦੇਨ ਫੋਡਰੰਗ ਟਰੱਸਟ ਦੁਆਰਾ ਸੰਚਾਲਿਤ ਹੋਵੇਗੀ।

ਚੀਨ ਨੇ ਦਾਅਵਾ ਕੀਤਾ ਹੈ ਕਿ ਦਲਾਈ ਲਾਮਾ ਦੀ ਚੋਣ ਦਾ ਅਧਿਕਾਰ ਉਸ ਕੋਲ ਹੈ ਅਤੇ ‘ਗੋਲਡਨ ਅਰਨ’ ਸਿਸਟਮ ਰਾਹੀਂ ਉੱਤਰਾਧਿਕਾਰੀ ਚੁਣਿਆ ਜਾਵੇਗਾ। ਤਿੱਬਤੀ ਭਾਈਚਾਰਾ ਅਤੇ ਦਲਾਈ ਲਾਮਾ ਇਸ ਨੂੰ ਧਾਰਮਿਕ ਸੁਤੰਤਰਤਾ ’ਤੇ ਹਮਲਾ ਮੰਨਦੇ ਹਨ। 1995 ਵਿੱਚ, ਜਦੋਂ 11ਵੇਂ ਪੰਚੇਨ ਲਾਮਾ ਦੀ ਪਛਾਣ ਦਲਾਈ ਲਾਮਾ ਨੇ ਕੀਤੀ, ਚੀਨ ਨੇ ਉਸ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਆਪਣਾ ਚੁਣਿਆ ਹੋਇਆ ਪੰਚੇਨ ਲਾਮਾ ਸਥਾਪਿਤ ਕੀਤਾ, ਜਿਸ ਨੂੰ ਤਿੱਬਤੀਆਂ ਨੇ ਅਸਵੀਕਾਰ ਕਰ ਦਿੱਤਾ।

Share This Article
Leave a Comment