ਨਿਊਜ਼ ਡੈਸਕ: ਸ਼ਨੀਵਾਰ ਨੂੰ ਯੂਰਪ ਦੇ ਕਈ ਪ੍ਰਮੁੱਖ ਹਵਾਈ ਅੱਡਿਆਂ ’ਤੇ ਸਾਈਬਰ ਹਮਲੇ ਹੋਏ, ਜਿਨ੍ਹਾਂ ਵਿੱਚ ਲੰਦਨ ਦਾ ਹੀਥਰੋ, ਬੈਲਜੀਅਮ ਦਾ ਬਰੱਸਲਜ਼ ਅਤੇ ਜਰਮਨੀ ਦਾ ਬਰਲਿਨ ਹਵਾਈ ਅੱਡਾ ਸ਼ਾਮਲ ਸਨ। ਇਹ ਹਮਲੇ ਚੈੱਕ-ਇਨ ਅਤੇ ਬੋਰਡਿੰਗ ਸਿਸਟਮ ਨੂੰ ਸੇਵਾਵਾਂ ਦੇਣ ਵਾਲੀ ਅਮਰੀਕੀ ਕੰਪਨੀ ਕੋਲਿਨਸ ਏਅਰੋਸਪੇਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ।
ਇਸ ਸਾਈਬਰ ਹਮਲੇ ਕਾਰਨ ਕਈ ਫਲਾਈਟਾਂ ਰੱਦ ਕਰਨੀਆਂ ਪਈਆਂ, ਫਲਾਈਟ ਸੰਚਾਲਨ ਵਿੱਚ ਦੇਰੀ ਹੋਈ ਅਤੇ ਹਜ਼ਾਰਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯੂਰਪ ਦੇ ਕਈ ਹਵਾਈ ਅੱਡਿਆਂ ਨੇ ਯਾਤਰੀਆਂ ਨੂੰ ਆਪਣੀ ਫਲਾਈਟ ਦੀ ਸਥਿਤੀ ਜਾਂਚਣ ਦੀ ਸਲਾਹ ਦਿੱਤੀ ਹੈ। ਏਅਰਲਾਈਨਜ਼ ਨੇ ਇਸ ਅਸੁਵਿਧਾ ਲਈ ਯਾਤਰੀਆਂ ਤੋਂ ਮੁਆਫੀ ਵੀ ਮੰਗੀ ਹੈ।
ਮੈਨੂਅਲ ਚੈੱਕ-ਇਨ ਦੀ ਸੁਵਿਧਾ ਜਾਰੀ
ਬਰੱਸਲਜ਼ ਹਵਾਈ ਅੱਡੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਈਬਰ ਹਮਲੇ ਕਾਰਨ ਸਿਰਫ਼ ਮੈਨੂਅਲ ਚੈੱਕ-ਇਨ ਅਤੇ ਬੋਰਡਿੰਗ ਹੀ ਸੰਭਵ ਹੈ। ਬਰਲਿਨ ਦੇ ਬ੍ਰਾਂਡੇਨਬਰਗ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੈਸੰਜਰ ਹੈਂਡਲਿੰਗ ਸਿਸਟਮ ਦੇ ਸਰਵਿਸ ਪ੍ਰੋਵਾਈਡਰ ’ਤੇ ਸਾਈਬਰ ਹਮਲਾ ਹੋਇਆ, ਜਿਸ ਕਾਰਨ ਹਵਾਈ ਅੱਡੇ ਦੇ ਸੰਚਾਲਕਾਂ ਨੂੰ ਸਿਸਟਮ ਨਾਲ ਕਨੈਕਸ਼ਨ ਕੱਟਣਾ ਪਿਆ।
ਯੂਰਪ ਦੇ ਸਭ ਤੋਂ ਵਿਅਸਤ ਹਵਾਈ ਅੱਡੇ ਹੀਥਰੋ ਨੇ ਇਸ ਨੂੰ ਤਕਨੀਕੀ ਸਮੱਸਿਆ ਦੱਸਿਆ। ਹਵਾਈ ਅੱਡੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਦੁਨੀਆ ਭਰ ਦੇ ਕਈ ਹਵਾਈ ਅੱਡਿਆਂ ’ਤੇ ਚੈੱਕ-ਇਨ ਅਤੇ ਬੋਰਡਿੰਗ ਸਿਸਟਮ ਦੀ ਸੇਵਾ ਦੇਣ ਵਾਲੀ ਕੰਪਨੀ ਨੂੰ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਰਵਾਨਗੀ ਕਰਨ ਵਾਲੇ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।” ਫਰਾਂਸ ਨੇ ਕਿਹਾ ਕਿ ਸਾਈਬਰ ਹਮਲੇ ਦਾ ਅਸਰ ਸਿਰਫ਼ ਕੁਝ ਹਵਾਈ ਅੱਡਿਆਂ ’ਤੇ ਹੀ ਮਹਿਸੂਸ ਕੀਤਾ ਗਿਆ, ਜਦਕਿ ਪੈਰਿਸ ਦੇ ਰੋਆਸੀ, ਓਰਲੀ ਅਤੇ ਲੇ ਬੌਰਜੇਟ ਹਵਾਈ ਅੱਡਿਆਂ ’ਤੇ ਕੋਈ ਸਮੱਸਿਆ ਨਹੀਂ ਆਈ।
ਕਿਸ ਸਰਵਿਸ ਪ੍ਰੋਵਾਈਡਰ ’ਤੇ ਹੋਇਆ ਹਮਲਾ?
ਕੋਲਿਨਸ ਏਅਰੋਸਪੇਸ ਦੇ ਪੋਰਟਲ ’ਤੇ ਸਾਈਬਰ ਹਮਲਾ ਹੋਇਆ ਹੈ। ਇਹ ਇੱਕ ਅਮਰੀਕੀ ਵਿਮਾਨਨ ਅਤੇ ਰੱਖਿਆ ਤਕਨੀਕ ਕੰਪਨੀ ਹੈ, ਜੋ RTX ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਹੈ, ਜਿਸ ਨੂੰ ਪਹਿਲਾਂ ਰੇਥੀਓਨ ਟੈਕਨੋਲੋਜੀਜ਼ ਕਿਹਾ ਜਾਂਦਾ ਸੀ। ਕੰਪਨੀ ਨੇ ਦੱਸਿਆ ਕਿ ਉਹ ਯਾਤਰੀਆਂ ਨੂੰ ਸਿੱਧੇ ਚੈੱਕ-ਇਨ ਦੀ ਸੁਵਿਧਾ ਨਹੀਂ ਦਿੰਦੀ, ਪਰ ਅਜਿਹੀ ਤਕਨੀਕ ਤਿਆਰ ਕਰਦੀ ਹੈ ਜਿਸ ਨਾਲ ਯਾਤਰੀ ਖੁਦ ਹੀ ਕਿਓਸਕ ਮਸ਼ੀਨਾਂ ਰਾਹੀਂ ਚੈੱਕ-ਇਨ ਕਰ ਸਕਦੇ ਹਨ, ਬੋਰਡਿੰਗ ਪਾਸ ਅਤੇ ਬੈਗ ਟੈਗ ਪ੍ਰਿੰਟ ਕਰ ਸਕਦੇ ਹਨ ਅਤੇ ਆਪਣਾ ਸਮਾਨ ਭੇਜ ਸਕਦੇ ਹਨ।
ਕੰਪਨੀ ਨੇ ਕਿਹਾ, “ਸਾਨੂੰ ਕੁਝ ਚੌਣਵੇਂ ਹਵਾਈ ਅੱਡਿਆਂ ’ਤੇ ਸਾਡੇ MUSE ਸੌਫਟਵੇਅਰ ਵਿੱਚ ਸਾਈਬਰ ਸਮੱਸਿਆ ਦੀ ਜਾਣਕਾਰੀ ਮਿਲੀ ਹੈ। ਇਸ ਦਾ ਅਸਰ ਸਿਰਫ਼ ਇਲੈਕਟ੍ਰੋਨਿਕ ਚੈੱਕ-ਇਨ ਅਤੇ ਬੈਗ ਜਮ੍ਹਾ ਕਰਨ ਦੀ ਪ੍ਰਕਿਰਿਆ ’ਤੇ ਪਿਆ ਹੈ, ਪਰ ਮੈਨੂਅਲ ਚੈੱਕ-ਇਨ ਰਾਹੀਂ ਇਸ ਪਰੇਸ਼ਾਨੀ ਨੂੰ ਘਟਾਇਆ ਜਾ ਸਕਦਾ ਹੈ।”