ਨਵੀ ਦਿੱਲੀ : ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਅਤੇ ਭਾਰਤ ਨੇ ਹੁਣ ਤੱਕ ਇਸ ਈਵੈਂਟ ਵਿੱਚ ਕੁੱਲ 12 ਮੈਡਲ ਜਿੱਤ ਲਏ ਹਨ। ਇਹਨਾਂ ਮੈਡਲਾਂ ਦੇ ਨਾਲ ਭਾਰਤੀ ਟੀਮ 9ਵੇਂ ਸਥਾਨ ‘ਤੇ ਹੈ।
ਭਾਰਤ ਨੇ ਹੁਣ ਤੱਕ 2 ਗੋਲਡ , 7 ਸਿਲਵਰ ਅਤੇ 3 ਬ੍ਰੌਂਜ਼ ਮੈਡਲ ਆਪਣੇ ਨਾਂ ਕੀਤੇ ਹਨ, ਜਦਕਿ ਪਹਿਲੇ ਸਥਾਨ ‘ਤੇ ਮੌਜੂਦ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇਸ ਦੇਸ਼ ਨੇ ਹੁਣ ਤੱਕ 35 ਗੋਲਡ, 18 ਸਿਲਵਰ ਅਤੇ 27 ਬ੍ਰੌਂਜ਼ ਮੈਡਲ ਜਿੱਤੇ ਹਨ ਅਤੇ ਮੈਡਲਾਂ ਦੀ ਕੁੱਲ ਗਿਣਤੀ 80 ਹੈ।
ਭਾਰਤ ਵੱਲੋਂ ਹੁਣ ਤੱਕ ਦੋ ਗੋਲਡ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਮੀਰਾਬਾਈ ਚਾਨੂ ਅਤੇ ਸ਼ਰਮੀਲਾ ਹਨ। ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿੱਚ ਗੋਲਡ ਕੀਤੀਆਂ ਸੀ, ਜਦਕਿ ਸ਼ਰਮੀਲਾ ਨੇ ਮਹਿਲਾ ਸ਼ਾਟ ਪੁੱਟ F57 ਵਿੱਚ ਦੇਸ਼ ਲਈ ਗੋਲਡ ਮੈਡਲ ਜਿੱਤਿਆ ਹੈ। ਕੈਨੇਡਾ ਮੈਡਲ ਤਾਲਿਕਾ ਵਿੱਚ ਇਸ ਸਮੇਂ ਦੂਜੇ ਨੰਬਰ ‘ਤੇ ਚੱਲ ਰਿਹਾ ਹੈ ਜਿਸ ਦੇ ਕੁੱਲ 35 ਮੈਡਲ ਹਨ, ਜਿਨ੍ਹਾਂ ਵਿੱਚ 13 ਗੋਲਡ, 10 ਸਿਲਵਰ ਅਤੇ 12 ਬ੍ਰੌਂਜ਼ ਸ਼ਾਮਲ ਹਨ। ਉੱਥੇ ਹੀ ਤੀਜੇ ਨੰਬਰ ਦੀ ਟੀਮ ਦੀ ਗੱਲ ਕਰੀਏ ਤਾਂ ਇਸ ਸਥਾਨ ‘ਤੇ ਇੰਗਲੈਂਡ ਹੈ, ਜਿਸ ਨੇ 10 ਗੋਲਡ, 18 ਸਿਲਵਰ ਅਤੇ 15 ਬ੍ਰੌਂਜ਼ ਨਾਲ ਕੁੱਲ 43 ਮੈਡਲ ਆਪਣੇ ਨਾਂ ਕੀਤੇ ਹਨ।
ਭਾਰਤੀ ਖਿਡਾਰੀਆਂ ਨੇ ਖੇਡਾਂ ਦੇ 5ਵੇਂ ਦਿਨ 2 ਸਿਲਵਰ ਮੈਡਲ ਜਿੱਤੇ। ਮੰਗਲਵਾਰ ਦੇਰ ਰਾਤ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 10 ਹਜ਼ਾਰ ਮੀਟਰ ਦੀ ਰੇਸ ਵਿੱਚ ਦੂਜਾ ਸਥਾਨ ਹਾਸਲ ਕੀਤਾ। ਉਹ ਇਸ ਈਵੈਂਟ ਵਿੱਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ।
ਇਸ ਤੋਂ ਪਹਿਲਾਂ ਮਹਿਲਾ ਵੇਟਲਿਫ਼ਟਰ ਹਰਜਿੰਦਰ ਕੌਰ ਨੇ ਕੁੱਲ 227 ਕਿੱਲੋ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਿਆ। ਭਾਰਤ ਦੇ 3 ਮੁੱਕੇਬਾਜ਼ਾਂ ਨੇ ਵੀ ਆਪਣੇ ਮੈਚ ਜਿੱਤ ਕੇ ਮੈਡਲ ਪੱਕੇ ਕਰ ਲਏ ਹਨ। ਤਿੰਨੋਂ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ।
ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਭਾਰਤੀ ਖਿਡਾਰੀ ਵੇਟਲਿਫ਼ਟਿੰਗ, ਸਵਿਮਿੰਗ, ਅਥਲੈਟਿਕਸ, ਪੈਰਾ ਸਵਿਮਿੰਗ, ਬੌਕਸਿੰਗ ਅਤੇ ਲੌਨ ਬੌਲਜ਼ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ। ਟੀਮ ਨੂੰ ਸਭ ਤੋਂ ਜ਼ਿਆਦਾ ਉਮੀਦਾਂ ਵੇਟਲਿਫ਼ਟਿੰਗ ਅਤੇ ਅਥਲੈਟਿਕਸ ਤੋਂ ਰਹਿਣਗੀਆਂ।
ਸੰਜਨਾ ਮਹਿਲਾ 77 ਕਿੱਲੋ ਫਾਈਨਲ ਵਿੱਚ ਗੋਲਡ ਲਈ ਮੈਦਾਨ ‘ਚ ਉਤਰੇਗੀ। ਉੱਥੇ ਹੀ ਬੌਕਸਰ ਸਚਿਨ ਸਿਵਾਚ ਕੁਆਰਟਰ ਫਾਈਨਲ ਮੁਕਾਬਲਾ ਖੇਡਣਗੇ। ਜੇਕਰ ਸਚਿਨ ਇਹ ਮੁਕਾਬਲਾ ਜਿੱਤ ਜਾਂਦੇ ਹਨ, ਤਾਂ ਭਾਰਤ ਲਈ ਇੱਕ ਹੋਰ ਮੈਡਲ ਪੱਕਾ ਹੋ ਜਾਵੇਗਾ।

