ਵਰਲਡ ਡੈਸਕ – ਮਿਆਂਮਾਰ ’ਚ ਫੌਜੀ ਰਾਜ ਪਲਟੇ ਮਗਰੋਂ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਫ਼ੌਜ ਨੇ ਦੋ ਵੱਡੇ ਸ਼ਹਿਰਾਂ ’ਚ ਕਰਫਿਊ ਲਾ ਦਿੱਤਾ ਹੈ ਤੇ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਫ਼ੌਜ ਨੇ ਯੈਂਗੌਨ ਤੇ ਮਾਂਡਲੇ ਸ਼ਹਿਰਾਂ ਲਈ ਇਹ ਆਦੇਸ਼ ਜਾਰੀ ਕੀਤਾ ਹੈ ਤੇ ਇਸ ਤਹਿਤ ਲੋਕਾਂ ’ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਗੱਡੀਆਂ ਦੀ ਰੈਲੀ ਕਰਨ ’ਤੇ ਵੀ ਰੋਕ ਲਾ ਦਿੱਤੀ ਗਈ ਹੈ। ਦੋਵਾਂ ਸ਼ਹਿਰਾਂ ’ਚ ਰਾਤ ਅੱਠ ਵਜੇ ਤੋਂ ਸਵੇਰੇ ਚਾਰ ਵਜੇ ਤੱਕ ਕਰਫਿਊ ਲਾਗੂ ਰਹੇਗਾ। ਆਦੇਸ਼ ’ਚ ਕਿਹਾ ਗਿਆ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੀਆਂ ਗ਼ੈਰਕਾਨੂੰਨੀ ਕਾਰਵਾਈਆਂ ਕਰਕੇ ਅਜਿਹਾ ਫ਼ੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਕ ਹਫ਼ਤਾ ਪਹਿਲਾਂ ਹੋਏ ਫੌਜੀ ਰਾਜ ਪਲਟੇ ਖ਼ਿਲਾਫ਼ ਦੇਸ਼ ’ਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਯੈਂਗੌਨ ’ਚ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ, ਤਿੰਨ ਉਂਗਲਾਂ ਨਾਲ ਸਲਾਮੀ ਦਿੱਤੀ ਤੇ ‘ਫੌਜੀ ਰਾਜ ਪਲਟੇ ਦਾ ਬਾਈਕਾਟ’ ਤੇ ਮਿਆਂਮਾ ਲਈ ਨਿਆਂ’ ਲਿਖੀਆਂ ਤਖ਼ਤੀਆਂ ਦਿਖਾਉਂਦਿਆਂ ਵਿਰੋਧ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨ ਕੁਝ ਸੈਂਕੜੇ ਲੋਕਾਂ ਨਾਲ ਸ਼ੁਰੂ ਹੋਇਆ ਤੇ ਮਗਰੋਂ ਇਸ ਨਾਲ ਹਜ਼ਾਰਾਂ ਲੋਕ ਜੁੜ ਗਏ। ਹਜੂਮ ਨੇੜਿਓਂ ਲੰਘਣ ਵਾਲੇ ਵਾਹਨਾਂ ਨੇ ਹੌਰਨ ਵਜਾ ਕੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ।