ਲੰਡਨ ਦੇ ‘ਵੀਰਸਵਾਮੀ’ ਭਾਰਤੀ ਰੈਸਟੋਰੈਂਟ ਦੀ ਹੋਂਦ ’ਤੇ ਸੰਕਟ, ਮਹਾਤਮਾ ਗਾਂਧੀ ਵੀ ਇੱਥੇ ਖਾ ਚੁੱਕੇ ਨੇ ਖਾਣਾ

Global Team
3 Min Read

ਲੰਡਨ: ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚ ਗਿਣੇ ਜਾਣ ਵਾਲੇ ਵੀਰਾਸਵਾਮੀ ਨੇ ਭਾਰਤ ਸਰਕਾਰ ਨੂੰ ਦਖਲ ਦੇਣ ਅਤੇ ਇਸਦੀ ਇਤਿਹਾਸਕ ਇਮਾਰਤ ਤੋਂ ਬੇਦਖਲੀ ਨੂੰ ਰੋਕਣ ਦੀ ਅਪੀਲ ਕੀਤੀ ਹੈ।

ਮਿਸ਼ਲਿਨ-ਸਟਾਰ ਰੈਸਟੋਰੈਂਟ ਨੇ ਇਸ ਸਾਲ ਮਾਰਚ ਵਿੱਚ ਆਪਣੀ ਸਥਾਪਨਾ ਦੇ 100 ਸਾਲ ਪੂਰੇ ਕੀਤੇ ਹਨ। ਇਹ 1926 ਤੋਂ ਲੰਡਨ ਦੇ ਰੀਜੈਂਟ ਸਟਰੀਟ ਸਥਿਤ ਵਿਕਟਰੀ ਹਾਊਸ ਵਿੱਚ ਚੱਲ ਰਿਹਾ ਹੈ। ਰੈਸਟੋਰੈਂਟ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਨੇ ਕਦੇ ਮਹਾਤਮਾ ਗਾਂਧੀ ਸਮੇਤ ਕਈ ਪ੍ਰਸਿੱਧ ਹਸਤੀਆਂ ਦੀ ਮੇਜ਼ਬਾਨੀ ਕੀਤੀ ਹੈ।

ਰੈਸਟੋਰੈਂਟ ਦੇ ਮਾਲਕ ਗਰੁੱਪ MW Eat ਦੇ ਰਣਜੀਤ ਮਥਰਾਨੀ ਨੇ ਕਿਹਾ ਕਿ ਭਾਰਤੀ ਖਾਣੇ ਅਤੇ ਭਾਰਤ ਦੀ “ਸਾਫਟ ਪਾਵਰ” ਦੀ ਨੁਮਾਇੰਦਗੀ ਕਰਨ ਵਾਲੇ ਇਸ ਵਿਰਾਸਤੀ ਸਥਾਨ ਨੂੰ ਬਚਾਉਣ ਲਈ ਭਾਰਤ ਸਰਕਾਰ ਨੂੰ ਦਖ਼ਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਬਰਤਾਨੀਆ ਸੰਬੰਧਾਂ ਅਤੇ ਮੁਕਤ ਵਪਾਰ ਸਮਝੌਤੇ (FTA) ਦੇ ਲਾਗੂ ਹੋਣ ਦੇ ਮੱਦੇਨਜ਼ਰ ਲੰਡਨ ਦੇ ਦਿਲ ਵਿੱਚੋਂ ਭਾਰਤੀ ਇਤਿਹਾਸ ਦਾ ਇੱਕ ਅਹਿਮ ਹਿੱਸੇ ਦਾ ਗਾਇਬ ਹੋਣਾ ਨਿਰਾਸ਼ਾਜਨਕ ਹੋਵੇਗਾ। ਇਸ ਮਾਮਲੇ ਵਿੱਚ MW Eat ਵੱਲੋਂ ਦਾਇਰ ਕੇਸ ਦੀ ਪੰਜ ਦਿਨਾਂ ਸੁਣਵਾਈ 29 ਜੂਨ ਤੋਂ ਸੈਂਟਰਲ ਲੰਡਨ ਕਾਉਂਟੀ ਕੋਰਟ ਵਿੱਚ ਹੋਣੀ ਹੈ। ਰੈਸਟੋਰੈਂਟ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਵਿਰਾਸਤੀ ਸਥਾਨ ਨੂੰ ਕਿਸੇ ਹੋਰ ਥਾਂ ਤਬਦੀਲ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਤਿਹਾਸ ਅਤੇ ਵਿਰਾਸਤ ਦੀ ਥਾਂ ਨਹੀਂ ਬਦਲੀ ਜਾ ਸਕਦੀ।

ਇਸ ਰੈਸਟੋਰੈਂਟ ਵਾਲੀ ਇਮਾਰਤ, ਜਿਸਨੂੰ ਵਿਕਟਰੀ ਹਾਊਸ ਵਜੋਂ ਜਾਣਿਆ ਜਾਂਦਾ ਹੈ, ਕ੍ਰਾਊਨ ਅਸਟੇਟ ਦੁਆਰਾ ਪ੍ਰਬੰਧਿਤ ਬ੍ਰਿਟਿਸ਼ ਸ਼ਾਹੀ ਜਾਇਦਾਦ ਪੋਰਟਫੋਲੀਓ ਦਾ ਹਿੱਸਾ ਹੈ। ਕ੍ਰਾਊਨ ਅਸਟੇਟ ਦਾ ਕਹਿਣਾ ਹੈ ਕਿ ਇਮਾਰਤ ਦੀ ਮੁਰੰਮਤ ਦੀ ਜ਼ਰੂਰਤ ਕਾਰਨ ਰੈਸਟੋਰੈਂਟ ਦੇ ਲੀਜ਼ ਨੂੰ ਨਵਿਆਉਣਾ ਸੰਭਵ ਨਹੀਂ ਹੈ। ਕ੍ਰਾਊਨ ਅਸਟੇਟ ਦੇ ਬੁਲਾਰੇ ਨੇ ਕਿਹਾ ਕਿ ਵਿਕਟਰੀ ਹਾਊਸ ਨੂੰ ਆਧੁਨਿਕ ਮਿਆਰਾਂ ‘ਤੇ ਲਿਆਉਣ ਅਤੇ ਇਸਦੀ ਪੂਰੀ ਸਮਰੱਥਾ ਦੀ ਵਰਤੋਂ ਕਰਨ ਲਈ ਨਵੀਨੀਕਰਨ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁਰੰਮਤ ਦੀ ਪ੍ਰਕਿਰਿਆ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ ਕਿਉਂਕਿ ਇਹ ਗ੍ਰੇਡ-II ਸੂਚੀਬੱਧ ਵਿਰਾਸਤੀ ਇਮਾਰਤ ਹੈ।

ਵੀਰਾਸਵਾਮੀ ਨੂੰ ਬਚਾਉਣ ਲਈ, ਇਸ ਸਾਲ ਫਰਵਰੀ ਵਿੱਚ, ਰੈਸਟੋਰੈਂਟ ਦੇ ਸਟਾਫ ਅਤੇ ਪ੍ਰਬੰਧਨ ਨੇ “ਵੀਰਾਸਵਾਮੀ ਬਚਾਓ” ਮੁਹਿੰਮ ਦੇ ਹਿੱਸੇ ਵਜੋਂ ਬਕਿੰਘਮ ਪੈਲੇਸ ਨੂੰ 20,000 ਤੋਂ ਵੱਧ ਦਸਤਖਤਾਂ ਵਾਲੀ ਇੱਕ ਔਨਲਾਈਨ ਪਟੀਸ਼ਨ ਸੌਂਪੀ। ਇਹ ਪਟੀਸ਼ਨ ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਨੂੰ ਰੈਸਟੋਰੈਂਟ ਨੂੰ ਬਚਾਉਣ ਦੀ ਅਪੀਲ ਵਜੋਂ ਸੌਂਪੀ ਗਈ ਸੀ। ਰਣਜੀਤ ਮਥਰਾਨੀ ਨੇ ਕਿਹਾ ਮਹਾਤਮਾ ਗਾਂਧੀ ਵੀ ਇਸ ਇਤਿਹਾਸਕ ਰੈਸਟੋਰੈਂਟ ਵਿੱਚ ਗਏ ਹਨ। ਇਸ ਤੋਂ ਇਲਾਵਾ, ਬ੍ਰਿਟੇਨ ਦੀ ਸਵਰਗੀ ਮਹਾਰਾਣੀ ਐਲਿਜ਼ਾਬੈਥ ਦੂਜੀ, ਰਾਜਕੁਮਾਰੀ ਐਨ ਅਤੇ ਵੱਖ-ਵੱਖ ਵਿਦੇਸ਼ੀ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਨੇ ਇੱਥੇ ਖਾਣਾ ਖਾਧਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment