ਜਗਤਾਰ ਸਿੰਘ ਸਿੱਧੂ;
ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਦੂਜੇ ਤਖ਼ਤ ਸਾਹਿਬਾਨ ਲਈ ਜਥੇਦਾਰਾਂ ਦੀ ਨਿਯੁਕਤੀ ਕਰਕੇ ਮਾਮਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਤਾਣੀ ਉਲਝਦੀ ਜਾ ਰਹੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੇਵਾ ਸੰਭਾਲ ਲਈ ਹੈ। ਇਸ ਨਿਯੁਕਤੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਬਕਾਇਦਾ ਰਵਾਇਤ ਅਤੇ ਵਿਧੀ ਮੁਤਾਬਕ ਸਹੀ ਠਹਿਰਾਇਆ ਹੈ ਪਰ ਕਈ ਵੱਡੇ ਅਕਾਲੀ ਆਗੂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਇਸ ਦਾ ਵਿਰੋਧ ਕਰ ਰਹੇ ਹਨ। ਅਜਿਹਾ ਮੌਕਾ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੋਇਆ ਹੈ ਅਤੇ ਕਮੇਟੀ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਕੇ ਕੰਮ ਚਲਾ ਰਹੀ ਹੈ। ਹਾਲਾਂਕਿ ਅਕਾਲੀ ਦਲ ਦੇ ਵੱਡੇ ਆਗੂਆਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਸਤੀਫਾ ਵਾਪਸ ਲੈਣ ਦੀ ਅਪੀਲ ਵੀ ਕੀਤੀ ਸੀ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਧਾਮੀ ਦੇ ਘਰ ਵੀ ਗਏ ਸਨ ਪਰ ਧਾਮੀ ਆਪਣੇ ਫੈਸਲੇ ਉਪਰ ਕਾਇਮ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਇਸ ਸਾਰੇ ਘਮਸਾਨ ਦੇ ਚਲਦਿਆਂ ਸਤਾਰਾਂ ਮਾਰਚ ਨੂੰ ਚੰਡੀਗੜ ਵਿਚ ਅੰਤਰਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਗਈ ਹੈ । ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਧਾਮੀ ਦਾ ਪ੍ਰਧਾਨਗੀ ਤੋਂ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ । ਹੋਣ ਵਾਲੀ ਮੀਟਿੰਗ ਇਸ ਕਰਕੇ ਵੀ ਅਹਿਮ ਹੈ ਕਿ ਧਾਮੀ ਦੇ ਅਸਤੀਫੇ ਉਪਰ ਕੀ ਫੈਸਲਾ ਹੁੰਦਾ ਹੈ? ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਬਜਟ ਨੂੰ ਲੈ ਕੇ ਆ ਰਿਹਾ ਹੈ । ਬਜਟ ਇਜਲਾਸ ਵਿੱਚ ਵਿਰੋਧੀ ਧਿਰ ਦੀ ਚੁਣੌਤੀ ਦਾ ਕਿਵੇਂ ਸਾਹਮਣਾ ਕਰਨਾ ਹੈ? ਇਹ ਕਈ ਅਹਿਮ ਸਵਾਲ ਹਨ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਲੀਡਰਸ਼ਿਪ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ।
ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰਾਂ ਵਜੋਂ ਮੁੜ ਅਹੁਦੇ ਤੇ ਬਹਾਲੀ ਲਈ ਲੜਾਈ ਲੜੀ ਜਾਵੇਗੀ । ਇਨਾਂ ਆਗੂਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਜਥੇਦਾਰ ਸਾਹਿਬਾਨ ਨੂੰ ਹਟਾੳਣ ਦਾ ਉਹ ਡੱਟਕੇ ਵਿਰੋਧ ਕਰਦੇ ਹਨ। ਇਸ ਲੀਡਰਸ਼ਿਪ ਵਲੋਂ ਅਠਾਰਾਂ ਮਾਰਚ ਨੂੰ ਅਕਾਲ ਤਖਤ ਸਾਹਿਬ ਤੇ ਵੱਡਾ ਪੰਥਕ ਇੱਕਠ ਸੱਦਿਆ ਗਿਆ ਹੈ ।ਉਸ ਵਿਚ ਸ਼ਾਮਲ ਹੋਣ ਲਈ ਪੰਥਕ ਧਿਰਾਂ ਨੂੰ ਸੱਦਾ ਦਿੱਤਾ ਗਿਆ ਹੈ । ਦੇਖਣਾ ਹੋਵੇਗਾ ਕਿ ਅਜਿਹੀ ਸਥਿਤੀ ਨੂੰ ਨਵੇਂ ਜਥੇਦਾਰ ਕਿਵੇਂ ਸੰਭਾਲਦੇ ਹਨ?
ਸੰਪਰਕ 9814002186