ਚੰਡੀਗੜ੍ਹ: ਲੁਧਿਆਣਾ ਦੀ ਔਰਤ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਲਗਾਏ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਚ ਇਸ ਕੇਸ ਵਿੱਚ ਇਲਜ਼ਾਮ ਲਾਉਣ ਵਾਲੀ ਔਰਤ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਾਉਣ ਤੇ ਕੇਸ ਦੀ ਸਮਾਂਬੱਧ ਜਾਂਚ ਕਰਾਉਣ ਦੀ ਮੰਗ ਕੀਤੀ।
ਇਸ ਮੌਕੇ ‘ਆਪ’ ਵਿਧਾਇਕ ਨੇ ਕਿਹਾ ਕਿ ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੇ ਔਰਤਾਂ ਪ੍ਰਤੀ ਅੱਤਿਆਚਾਰ ਦੇ ਸੰਗੀਨ ਮੁੱਦੇ ਵੱਲ ਦਿਵਾਉਣਾ ਸਮੇਂ ਦੀ ਮੰਗ ਹੈ ਅਤੇ ਅਜਿਹੇ ਕੇਸਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। “ਲੁਧਿਆਣਾ ਦੀ ਇੱਕ ਔਰਤ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਮਾਮਲੇ ਦੀਆਂ ਖ਼ਬਰਾਂ ਸਾਰੇ ਅਖ਼ਬਾਰਾਂ ਚੈਨਲਾਂ ‘ਤੇ ਪ੍ਰਮੁੱਖਤਾ ਨਾਲ ਚੱਲ ਰਹੀਆਂ ਹਨ। ਇਸ ਵਿੱਚ ਪੀੜਤ ਔਰਤ ਖ਼ੁਦ ਮੀਡੀਆ ਦੇ ਸਾਹਮਣੇ ਆ ਕੇ ਸਿਆਸੀ ਆਗੂ ਉੱਤੇ ਸਿੱਧੇ ਇਲਜ਼ਾਮ ਲਗਾ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ ਅਤੇ ਆਪ ਜੀ ਮਹਿਲਾ ਕਮਿਸ਼ਨ ਦੇ ਮੁਖੀ ਹੋਣ ਨਾਤੇ ਇਸ ਵਿਚ ਵੱਡੀ ਭੂਮਿਕਾ ਅਦਾ ਕਰ ਸਕਦੇ ਹੋ। ਇਸ ਕੇਸ ਵਿੱਚ ਸਾਡੀ ਮੰਗ ਹੈ ਕਿ ਪੀੜਤ ਔਰਤ ਨੂੰ ਨਿਆਂ ਦੇਣ ਦੇ ਮਨਸੂਬੇ ਨਾਲ ਪੁਲਸ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਔਰਤ ਉੱਚ ਅਧਿਕਾਰੀ ਦੇ ਅਧੀਨ ਕਮੇਟੀ ਬਣਾ ਕੇ ਇਸ ਕੇਸ ਦੀ ਛਾਣਬੀਣ ਕਰਕੇ ਦੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਤੋਂ ਬਿਨਾਂ ਲੁਧਿਆਣਾ ਪੁਲੀਸ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਕਿਉਂ ਜੋ ਸਿਮਰਜੀਤ ਸਿੰਘ ਬੈਂਸ ਇੱਕ ਸ਼ਕਤੀਸ਼ਾਲੀ ਆਗੂ ਅਤੇ ਸਰਕਾਰ ਦਰਬਾਰ ਵਿੱਚ ਚੰਗਾ ਰਸੂਖ਼ ਰੱਖਦੇ ਹਨ। ਜਿੰਨਾ ਚਿਰ ਇਸ ਕੇਸ ਵਿੱਚ ਕੋਈ ਕਾਰਵਾਈ ਨਹੀਂ ਹੋ ਜਾਂਦੀ ਉਸ ਉਹਨਾ ਚਿਰ ਪੀੜਤ ਔਰਤ ਨੂੰ ਪੁਲਸ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ।”
ਮਾਣੂੰਕੇ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਔਰਤਾਂ ਅਤੇ ਖ਼ਾਸ ਤੌਰ ‘ਤੇ ਛੋਟੀ ਉਮਰ ਦੀਆਂ ਬੱਚੀਆਂ ਨਾਲ ਵਾਪਰੀਆਂ ਘਟਨਾਵਾਂ ਦਿਲ ਕੰਬਾਊ ਹਨ ਅਤੇ ਇਨ੍ਹਾਂ ਵੱਲ ਖ਼ਾਸ ਧਿਆਨ ਦੇਣਾ ਸਮੇਂ ਦੀ ਮੁੱਖ ਮੰਗ ਹੈ। ਅਕਤੂਬਰ ਮਹੀਨੇ ਵਿਚ ਬਰਨਾਲਾ ਦੇ ਦਾਨਗੜ ਪਿੰਡ ਵਿੱਚ 4 ਸਾਲ ਦੀ ਬੱਚੀ ਨਾਲ ਹੋਏ ਅਤਿ ਨਿੰਦਣਯੋਗ ਕਾਰੇ, 26 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਜਲਾਲਪੁਰ ਪਿੰਡ ਵਿੱਚ 6 ਸਾਲ ਦੀ ਬੱਚੀ ਨਾਲ ਹੋਏ ਕੁਕਰਮ ਅਤੇ 26 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਨੜੂ ਨੰਗਲ ਵਿੱਚ 5 ਸਾਲ ਦੀ ਬੱਚੀ ਨਾਲ ਹੋਏ ਕੁਕਰਮ ਦੀਆਂ ਘਟਨਾਵਾਂ ਨਾਲ ਔਰਤਾਂ ਦੀ ਸੁਰੱਖਿਆ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੈ। ਰਿਪੋਰਟਾਂ ਅਨੁਸਾਰ ਫਰਵਰੀ 2020 ਤੋ ਅਪ੍ਰੈਲ 2020 ਤਕ ਪੰਜਾਬ ਵਿਚ ਘਰੇਲੂ ਹਿੰਸਾ ਦੇ ਕੇਸਾਂ ਵਿੱਚ 31% ਦਾ ਵਾਧਾ ਹੋਇਆ ਹੈ। ਇਸੇ ਤਰਾਂ ਮਾਰਚ 2020 ਤੋਂ ਅਪ੍ਰੈਲ 2020 ਤਕ ਔਰਤਾਂ ਵੱਲੋਂ ਹੈਲਪਲਾਈਨ ਨੰਬਰ ਉੱਤੇ ਕੀਤੀਆਂ ਕਾਲਾਂ ਵਿੱਚ 34% ਦਾ ਵਾਧਾ ਹੋਇਆ ਹੈ।
ਅਜਿਹੇ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਮੰਗ ਕਰਦੀ ਹਾਂ ਕਿ ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਪੁਲੀਸ ਵਿਭਾਗ ਨੂੰ ਸਖ਼ਤ ਆਦੇਸ਼ ਜਾਰੀ ਕਰੋ। “ਔਰਤ ਹੋਣ ਦੇ ਨਾਤੇ ਆਪ ਜੀ ਔਰਤਾਂ ਨਾਲ ਹੋਏ ਅੱਤਿਆਚਾਰ ਤੋਂ ਬਾਅਦ ਮਾਨਸਿਕ ਹਾਲਤ ਨੂੰ ਭਲੀ ਭਾਂਤੀ ਸਮਝ ਸਕਦੇ ਹੋ। ਇਸ ਲਈ ਮੈਂ ਆਪ ਜੀ ਪਾਸੋਂ ਇਸ ਸਬੰਧ ਵਿੱਚ ਸਖ਼ਤ ਕਦਮ ਚੁੱਕਣ ਦੀ ਗੁਜ਼ਾਰਿਸ਼ ਕਰਦੀ ਹਾਂ ਅਤੇ ਲੁਧਿਆਣਾ ਕੇਸ ਵਿੱਚ ਜੋ ਵੀ ਦੋਸ਼ੀ ਹੋਵੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।”