-ਅਨੀਤਾ ਕਰਵਲ
ਇੱਕ ਸ਼ਹਿਰੀ ਸਕੂਲ, ਜਿਸ ਦਾ ਕਿ ਮੈਂ ਦੌਰਾ ਕਰ ਰਹੀ ਸੀ, ਦੀ ਇੱਕ ਬਹੁਤ ਉਤਸ਼ਾਹ ਮੁਖੀ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ‘ਤੇ ਬਹੁਤ ਮਾਣ ਸੀ ਕਿ ਸਕੂਲ ਸਮੇਂ ਦੌਰਾਨ ਉਨ੍ਹਾਂ ਦੇ ਸਕੂਲ ਵਿੱਚ ਹਮੇਸ਼ਾ ਸੱਨਾਟਾ ਰਹਿੰਦਾ ਸੀ। ਮੈਂ ਹੈਰਾਨ ਸੀ। ਸਕੂਲ ਦੇ ਅਜਿਹੇ ਸੱਭਿਆਚਾਰ ਉੱਤੇ ਮਾਣ ਕਰਨਾ ਜੋ ਇੱਕ ਬੱਚੇ ਤੋਂ ਉਸ ਦੀਆਂ ਖੁਸ਼ੀਆਂ ਲੈ ਲਵੇ, ਇੱਕ ਅਜਿਹਾ ਸੱਭਿਆਚਾਰ ਜੋ ਇਹ ਮੰਨਦਾ ਹੈ ਕਿ ਖੇਡਦੇ ਸਮੇਂ ਬੱਚਿਆਂ ਨੂੰ ਪ੍ਰਫੁੱਲਤ ਕਰ ਦੇਣ ਵਾਲੀ ਗਪ-ਸ਼ਪ ਕਰਨਾ, ਮਿਲ-ਜੁਲ ਕੇ ਕੰਮ ਕਰਨਾ, ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ, ਆਪਣੇ ਸਾਥੀਆਂ ਦੀ ਮਦਦ ਕਰਨਾ ਅਨੁਸ਼ਾਸਨਹੀਣਤਾ ਤੋਂ ਘੱਟ ਨਹੀਂ ਹੈ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਕੁਝ ਸਕੂਲ ਵਾਸਤਵਿਕ ਸਿੱਖਿਆ ਦੇ ਰਾਹ ਤੋਂ ਭਟਕ ਗਏ ਹਨ। ਗਿਜੁਭਾਈ ਬਧੇਕਾ, ਜੋ ਇੱਕ ਸਿੱਖਿਆ ਸ਼ਾਸਤ੍ਰੀ ਵਜੋਂ ਬਿਹਤਰ ਜਾਣੇ ਜਾਂਦੇ ਹਨ ਅਤੇ ਜਿਨ੍ਹਾਂ ਨੇ ਮੌਂਟੈਸਰੀ ਨੂੰ ਭਾਰਤ ਲਿਆਉਣ ਵਿੱਚ ਸਹਾਇਤਾ ਕੀਤੀ ਸੀ, ਨੇ ਆਪਣੀ ਪ੍ਰਸਿੱਧ ਕਿਤਾਬ – ਦਿਵਯ ਸਵਪਨ ਵਿੱਚ ਲਿਖਿਆ – “ਸਾਡੇ ਦੇਸ਼ ਵਿੱਚ ਜੋ ਸਕੂਲ ਸੱਭਿਆਚਾਰ ਹੈ, ਉਹ ਮੰਗ ਕਰਦਾ ਹੈ ਕਿ ਬੱਚਿਆਂ ਦੀ ਦਿਲਚਸਪੀ ਦੀਆਂ ਹਜ਼ਾਰਾਂ ਚੀਜ਼ਾਂ- ਕੀੜਿਆਂ ਮਕੌੜਿਆਂ ਤੋਂ ਲੈ ਕੇ ਤਾਰਿਆਂ ਤੱਕ ਨੂੰ, ਜਮਾਤ ਵਿੱਚ ਅਧਿਐਨ ਦੇ ਲਈ ਅਪ੍ਰਾਸੰਗਿਕ ਸਮਝ ਲਿਆ ਜਾਵੇ। ਇੱਕ ਔਸਤ ਅਧਿਆਪਿਕ ਇਸ ਧਾਰਨਾ ‘ਤੇ ਕੰਮ ਕਰਦਾ ਹੈ ਕਿ ਉਸਦਾ ਕੰਮ ਪਾਠ ਪੁਸਤਕ ਤੋਂ ਪੜ੍ਹਾਉਣਾ ਅਤੇ ਬੱਚਿਆਂ ਨੂੰ ਪਰੀਖਿਆ ਲਈ ਤਿਆਰ ਕਰਨਾ ਹੈ: ਉਹ ਇਹ ਨਹੀਂ ਮਹਿਸੂਸ ਕਰਦਾ ਕਿ ਬੱਚੇ ਦੀ ਜਿਗਿਆਸਾ ਨੂੰ ਵਿਕਸਿਤ ਕਰਨਾ ਉਸ ਦੀ ਜ਼ਿੰਮੇਵਾਰੀ ਦਾ ਇੱਕ ਹਿੱਸਾ ਹੈ। ਨਾ ਹੀ ਸਕੂਲ ਅਜਿਹੀਆਂ ਸਥਿਤੀਆਂ ਪ੍ਰਦਾਨ ਕਰਦਾ ਹੈ ਜਿੱਥੇ ਅਧਿਆਪਿਕ ਅਜਿਹੀ ਜ਼ਿੰਮੇਵਾਰੀ ਨੂੰ ਪੂਰਾ ਕਰ ਸਕੇ।” ਇਹ ਕਿਤਾਬ 1930 ਦੇ ਦਹਾਕੇ ਵਿੱਚ ਲਿਖੀ ਗਈ ਸੀ ਪਰ ਅੱਜ ਵੀ ਪ੍ਰਾਸੰਗਿਕ ਹੈ!
ਜੇਕਰ ਸਕੂਲ ਸਿੱਖਿਆ ਦਾ ਟੀਚਾ ਬੱਚਿਆਂ ਨੂੰ ਇਮਤਿਹਾਨਾਂ ਲਈ ਹੀ ਤਿਆਰ ਕਰਨਾ ਸੀ, ਤਾਂ ਦੇਸ਼ ਵਿੱਚ 96.86 ਲੱਖ ਅਧਿਆਪਿਕਾਂ ਨਾਲ 15.07 ਲੱਖ ਸਕੂਲਾਂ ਵਿੱਚ 26.43 ਕਰੋੜ ਵਿਦਿਆਰਥੀਆਂ ਨੂੰ ਦਾਖਲਾ ਦੇ ਕੇ ਇਨ੍ਹਾਂ ਨੂੰ ਚਲਾਉਣ ਦੀ ਜ਼ਰੂਰਤ ਨਹੀਂ ਸੀ। ਅਸੀਂ ਸਿਰਫ਼ ਇਹ ਕਰਨਾ ਸੀ ਕਿ ਕਠੋਰ ਐੱਸਓਪੀਜ਼ (ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜਰਸ) ਅਤੇ ਮਿਸਾਲੀ ਕੁੰਜੀ ਜਿਹੀਆਂ ਪਾਠ-ਪੁਸਤਕਾਂ ਤਿਆਰ ਕਰਨੀਆਂ ਸਨ, ਅਤੇ ਘਰਾਂ ਵਿੱਚ ਜਾ ਕੇ ਬੱਚਿਆਂ ਨੂੰ ਸੌਂਪ ਦੇਣੀਆਂ ਸਨ, ਜਿਨ੍ਹਾਂ ਦੀ ਮਦਦ ਨਾਲ ਉਹ ਆਪਣੀ ਯਾਦ-ਸ਼ਕਤੀ ਦੀ ਚਾਂਚ ਕਰਨ ਲਈ ਨਿਰਧਾਰਿਤ ਤਰੀਕਾਂ ਉੱਤੇ ਪਰੀਖਿਆ ਕੇਂਦਰਾਂ ‘ਤੇ ਹਾਜ਼ਰ ਹੋ ਜਾਂਦੇ। ਪਰੀਖਿਆਵਾਂ ਨਿਸ਼ਚਿਤ ਤੌਰ ’ਤੇ ਸਕੂਲਾਂ ਵਿੱਚ ਅਧਿਐਨ ਦੇ ਅਨੁਭਵ ਦਾ ਅੰਤਿਮ ਟੀਚਾ ਨਹੀਂ ਹਨ। ਉਹ ਸੰਪੂਰਨ ਵਿਕਾਸ ਅਤੇ ਵਿਕਾਸ ਦੇ ਰਾਹ ‘ਤੇ ਇੱਕ ਬੱਚੇ ਦੁਆਰਾ ਪਾਰ ਕੀਤੇ ਜਾਣ ਵਾਲੇ ਬਹੁਤ ਸਾਰੇ ਮੀਲ ਪੱਥਰਾਂ ਵਿੱਚੋਂ ਇੱਕ ਹਨ।
ਨੈਸ਼ਨਲ ਐਜੂਕੇਸ਼ਨ ਪਾਲਿਸੀ, 2020 ਵਿੱਚ ਦੋ ਬਹੁਤ ਹੀ ਦਿਲਚਸਪ ਵਾਕੰਸ਼ਾਂ ਦੀ ਵਰਤੋਂ ਕੀਤੀ ਗਈ ਹੈ: “ਕੋਈ ਕਠੋਰ ਵਿਸ਼ਾ-ਵੰਡ ਨਹੀਂ” ਅਤੇ “ਸਾਇਲੋਜ਼ ਦਾ ਖਾਤਮਾ”। ਬੇਸ਼ੱਕ, ਇਨ੍ਹਾਂ ਟਰਮਸ ਦਾ ਉਪਯੋਗ ਅਧਿਐਨ ਖੇਤਰਾਂ ਦੇ ਪ੍ਰਸੰਗ ਵਿੱਚ ਕੀਤਾ ਜਾਂਦਾ ਹੈ ਫਿਰ ਵੀ ਇਹ ਸਿੱਖਿਆ ਦੇ ਲਗਭਗ ਸਾਰੇ ਖੇਤਰਾਂ ਵਿੱਚ ਲਾਗੂ ਹਨ। ਕਿਉਂਕਿ ਦੇਸ਼ ਨੇ ਨਵੀਂ ਸਿੱਖਿਆ ਨੀਤੀ, 2020 ਦੇ ਲਾਗੂਕਰਨ ਲਈ ਸੰਜੀਦਗੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਇਨ੍ਹਾਂ ਵਾਕੰਸ਼ਾਂ ਅਤੇ ਇਨ੍ਹਾਂ ਦੇ ਪ੍ਰਭਾਵਾਂ ਨੂੰ ਸਮਝਣਾ ਜ਼ਰੂਰੀ ਹੈ। ਇੱਥੇ ਇੱਕ ਉਦਾਹਰਨ ਹੈ। ਨਵੀਂ ਸਿੱਖਿਆ ਨੀਤੀ 2020 ਨੂੰ ਨਿਰਦੇਸ਼ਨ ਅਤੇ ਸਾਰੇ ਸਕੂਲਾਂ ਵਿੱਚ ਉੱਚ ਗੁਣਵੱਤਾ ਵਾਲੀ ਸਿੱਖਿਆ ਲਈ ਸਾਂਝੇ ਮਾਪਦੰਡਾਂ ਦੀ ਉਪਲੱਬਧੀ ਦੀ ਜ਼ਰੂਰਤ ਹੈ – ਭਾਵ, ਸਟੇਟ ਸਟੈਂਡਰਡ ਸੈਟਿੰਗ ਅਥਾਰਿਟੀ (ਐੱਸਐੱਸਐੱਸਏ) ਦੀ ਸਥਾਪਨਾ ਦੁਆਰਾ – ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਦਰਮਿਆਨ ਕੋਈ ਸਾਇਲੋ ਨਾ ਰਹਿਣ ਦੇਣਾ। ਇਸੇ ਤਰ੍ਹਾਂ, ਇਸ ਨੂੰ ਪ੍ਰੀ-ਸਕੂਲ ਤੋਂ ਉਚੇਰੀ ਸਿੱਖਿਆ ਤੱਕ ਦੇ ਅਧਿਐਨ ਵਿੱਚ, ਸਮੇਂ ਦੇ ਨਾਲ ਇਹ ਬਦਲਾਅ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ -ਕੋਈ ਕਠੋਰ ਵਿਸ਼ਾ-ਵੰਡ ਨਹੀਂ ਹੋਵੇਗੀ।
ਹਾਲਾਂਕਿ, “ਕਠੋਰ ਵਿਸ਼ਾ-ਵਿਭੇਦਾਂ” ਨੂੰ ਹਟਾਉਣ ਦੀਆਂ ਸਭ ਤੋਂ ਮਹੱਤਵਪੂਰਨ ਅੜਚਨਾਂ ਕਲਾਸਰੂਮ ਪੱਧਰ ‘ਤੇ ਹਨ। ਵਿਸ਼ੇਸ਼ ਕਰਕੇ ਸ਼ੁਰੂਆਤੀ ਵਰ੍ਹਿਆਂ ਵਿੱਚ ਗਣਨਾ ਅਤੇ ਪੜ੍ਹਾਈਆਂ ਜਾਣ ਵਾਲੀਆਂ ਹੋਰ ਸਾਰੀਆਂ ਭਾਸ਼ਾਵਾਂ ਦੀ ਸਮਝ ਪੈਦਾ ਕਰਨ ਦੇ ਮਾਧਿਅਮ ਵਜੋਂ, ਮਾਤ੍ਰ-ਭਾਸ਼ਾ/ ਬੱਚੇ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਦਾ ਪਰੀਚੈ ਕਰਾ ਕੇ ਭਾਸ਼ਾ ਦੀ ਰੁਕਾਵਟ ਨੂੰ ਸਭ ਤੋਂ ਪਹਿਲਾਂ ਦੂਰ ਕਰਨ ਦੀ ਲੋੜ ਹੈ। ਸਿੱਖਿਆ ਵਿਗਿਆਨ ਨੂੰ ਹੁਣ ਬੱਚੇ ਤੋਂ ਅਲੱਗ ਨਹੀਂ ਰੱਖਿਆ ਜਾ ਸਕਦਾ ਅਤੇ ਚਾਕ ਤੇ ਬੋਰਡ ਦੇ ਸਾਇਲੋ ਤੱਕ ਸੀਮਿਤ ਨਹੀਂ ਰੱਖਿਆ ਜਾ ਸਕਦਾ। ਸਿੱਖਿਆ ਵਿਗਿਆਨ ਨੂੰ ਗਤੀਵਿਧੀ ਅਧਾਰਿਤ ਅਤੇ ਅਨੁਭਵ ਅਧਾਰਿਤ ਹੋਣਾ ਚਾਹੀਦਾ ਹੈ, ਜਿੱਥੇ ਕਿ ਕਹਾਣੀ ਸੁਣਾਉਣ, ਕਲਾ ਅਤੇ ਸ਼ਿਲਪਕਾਰੀ, ਖੇਡਾਂ, ਥੀਏਟਰਾਂ ਆਦਿ ਦੇ ਜ਼ਰੀਏ ਬੌਧਿਕ ਵਿਕਾਸ ਹੁੰਦਾ ਹੈ। ਕਲਾਸਾਂ ਵਿੱਚ ਬੈਠਣ ਦੀ ਮਿਸਾਲੀ ਯੋਜਨਾ (ਸਾਰਿਆਂ ਬੱਚਿਆਂ ਦੀ ਨਜ਼ਰ ਸਾਹਮਣੇ ਬੋਰਡ ’ਤੇ) ਦੇ ਸਾਇਲੋਜ਼ ਨੂੰ ਤੋੜਨ ਦੀ ਜ਼ਰੂਰਤ ਹੈ। ਕਲਾਸਾਂ ਆਨੰਦਮਈ ਹੋਣੀਆਂ ਚਾਹੀਦੀਆਂ ਹਨ ਅਤੇ ਕਲਾ, ਖੇਡਾਂ, ਗੇਮਸ ਅਤੇ ਹੋਰ ਰੁਝੇਵੇਂ ਵਾਲੀਆਂ ਗਤੀਵਿਧੀਆਂ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਹਨ। ਬੈਠਣ ਦੀ ਯੋਜਨਾ ਲਚੀਲੀ ਹੋਣੀ ਚਾਹੀਦੀ ਹੈ – ਕਈ ਵਾਰ ਇੱਕ ਗੋਲਾਕਾਰ ਵਿੱਚ, ਪਰ ਅਕਸਰ ਸਮੂਹਾਂ ਵਿੱਚ ਹੋਣੀ ਚਾਹੀਦੀ ਹੈ। ਸਿਰਫ ਨਿਰਧਾਰਿਤ ਪਾਠ-ਪੁਸਤਕਾਂ ‘ਤੇ ਅਧਾਰਿਤ ਅਧਿਐਨ ਇੱਕ ਕਠੋਰ ਵਿਭੇਦ ਹੈ, ਅਤੇ ਇਸ ਵਿੱਚ ਖਿਡੌਣਿਆਂ ਤੋਂ ਲੈ ਕੇ ਕਠਪੁਤਲੀਆਂ, ਰਸਾਲਿਆਂ, ਵਰਕਸ਼ੀਟਾਂ, ਕੌਮਿਕਸ ਅਤੇ ਕਹਾਣੀ ਪੁਸਤਕਾਂ, ਕੁਦਰਤ ਦੀਆਂ ਸੈਰਾਂ, ਸਥਾਨਕ ਸ਼ਿਲਪਕਾਰਾਂ ਨਾਲ ਮੁਲਾਕਾਤਾਂ, ਕਲਾਸ ਆਰਕੈਸਟਰਾ, ਕੋਰੀਓਗ੍ਰਾਫੀ, ਰੋਲ ਪਲੇਜ਼ ਜਿਹੀ ਵਿਵਿਧਤਾ ਲਿਆਉਣ ਦੀ ਜ਼ਰੂਰਤ ਹੈ।
ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਹਰ ਕੋਈ ਇਮਤਿਹਾਨਾਂ ਸਮੇਂ ਹੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੈ। ਇੱਥੇ ਹੀ ਨਵੀਂ ਸਿੱਖਿਆ ਨੀਤੀ, 2020 ਇੱਕ ਵਿਸ਼ਾਲ ਸਾਇਲੋ ਨੂੰ ਤੋੜਨਾ ਚਾਹੁੰਦੀ ਹੈ – ਯਾਨੀ, ਸਿਰਫ ਇਹ ਜਾਂਚ ਕਰਨ ਦੀ ਪ੍ਰਕਿਰਿਆ ਕਿ ਪਾਠ ਪੁਸਤਕਾਂ ਵਿੱਚ ਕੀ ਲਿਖਿਆ ਹੋਇਆ ਹੈ। ਇਸ ਤੱਥ ਦੀ ਚੰਗੀ ਤਰ੍ਹਾਂ ਖੋਜ ਕੀਤੀ ਗਈ ਹੈ ਅਤੇ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਇੱਕ ਸਮਰੱਥ ਵਾਤਾਵਰਣ ਵਿੱਚ ਇੱਕ ਬੱਚਾ ਲਗਾਤਾਰ ਇਹ ਸਭ ਸਿੱਖ ਰਿਹਾ ਹੈ – ਸਹਿਯੋਗ ਕਰਨਾ, ਆਲੋਚਨਾਤਮਕ ਤੌਰ ‘ਤੇ ਸੋਚਣਾ, ਸਮੱਸਿਆਵਾਂ ਨੂੰ ਹੱਲ ਕਰਨਾ, ਸਿਰਜਣਾਤਮਕ ਹੋਣਾ, ਸੰਚਾਰ ਕਰਨਾ, ਮੀਡੀਆ ਸਾਖ਼ਰ ਹੋਣਾ ਆਦਿ। ਸਾਲ ਦੇ ਅੰਤ ਵਿੱਚ ਪਰੀਖਿਆ ਬੱਚੇ ਦੀ ਪੂਰੀ ਸਮਰੱਥਾ ਜਾਂ ਵਿਲੱਖਣਤਾ ਨੂੰ ਪ੍ਰਤੀਬਿੰਬਤ ਨਹੀਂ ਕਰਦੀ ਕਿਉਂਕਿ ਬੱਚੇ ਦੀ ਜਾਣਕਾਰੀ ਕੇਵਲ ਪਾਠ-ਪੁਸਤਕ ਵਿਚਲੇ ਗਿਆਨ ਤੱਕ ਸੀਮਿਤ ਨਹੀਂ ਹੈ। ਇਸ ਲਈ, ਸਾਨੂੰ ਇਮਤਿਹਾਨਾਂ ਤੋਂ ਅੱਗੇ ਦੇਖਣ ਦੀ ਜ਼ਰੂਰਤ ਹੈ, ਅਤੇ ਮੁੱਲਾਂਕਣ ਨੂੰ ਸਿਰਫ ਅਧਿਐਨ ਦੇ ਸਾਧਨ ਵਜੋਂ ਦੇਖਣ ਦੀ ਜ਼ਰੂਰਤ ਹੈ। ਨਵੀਂ ਸਿੱਖਿਆ ਨੀਤੀ ਪਿੱਛੇ ਕੰਮ ਕਰਦੀ ਇਸ ਦੀ ਫੋਰਸ ਨਾਲ, ਜਿਸ ਪ੍ਰਕਾਰ ਅਸੀਂ ਮੁੱਲਾਂਕਣ ਕਰਦੇ ਹਾਂ ਉਹ ਪਰਿਵਰਤਨ ਦੇ ਸਿਖ਼ਰ ’ਤੇ ਹੈ। ਅਸੀਂ ਘੱਟ, ਫਿਰ ਵੀ ਵਧੇਰੇ ਆਕਲਨ ਦੀ ਯੋਜਨਾ ਬਣਾਉਂਦੇ ਹਾਂ- ਘੱਟ ਪਾਠ-ਕ੍ਰਮ ਪਰ ਵਧੇਰੇ ਗਹਿਰਾਈ ਵਾਲੇ; ਘੱਟ ਸਮੱਗਰੀ ਪਰ ਵਧੇਰੇ ਕੁਸ਼ਲਤਾ; ਘੱਟ ਪਾਠ-ਪੁਸਤਕਾਂ, ਪਰ ਵਧੇਰੇ ਵਿਵਿਧ ਅਧਿਐਨ; ਘੱਟ ਸਮਾਨਤਾਵਾਂ ਪਰ ਵਧੇਰੇ ਵਿਲੱਖਣਤਾ; ਘੱਟ ਤਣਾਅ ਪਰ ਵਧੇਰੇ ਆਨੰਦ; ਘੱਟ ਅਧਿਆਪਿਕ, ਪਰ ਵਧੇਰੇ ਸਵੈ ਅਤੇ ਸਹਿਪਾਠੀ ਮੁੱਲਾਂਕਣ ਦੀ ਯੋਜਨਾ ਬਣਾਉਂਦੇ ਹਾਂ। ਅਤੇ ਅੰਤ ਵਿੱਚ, ਹਾਲਾਂਕਿ ਇਹ ਕਹਿਣ ਤੋਂ ਬਗ਼ੈਰ ਵੀ ਚਲਦਾ ਹੈ: ਘੱਟ ਸਾਇਲੋਜ਼ ਪਰ ਵਧੇਰੇ ਕਨੈਕਸ਼ਨਸ ਬਣਾਉਂਦੇ ਹਾਂ।
(ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ https://innovateindia.mygov.in/ppc-2021/ ‘ਤੇ ਪ੍ਰਧਾਨ ਮੰਤਰੀ ਨਾਲ ਪਰੀਕਸ਼ਾ ਪੇ ਚਰਚਾ ਦੇ ਇੱਕ ਹੋਰ ਦਿਲਚਸਪ ਸੰਸਕਰਣ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ)
(ਲੇਖਿਕਾ: ਸਕੂਲ ਸਿੱਖਿਆ ਅਤੇ ਸਾਖਰਤਾ, ਸਿੱਖਿਆ ਮੰਤਰਾਲੇ ਵਿੱਚ ਸਕੱਤਰ ਹਨ।)