ਕੈਪਟਨ ਲਈ ਵੱਡਾ ਰਾਜਸੀ ਸੰਕਟ ! – ਨਵਜੋਤ ਸਿੱਧੂ ਆਪਣੇ ਸਟੈਂਡ ‘ਤੇ ਕਾਇਮ

TeamGlobalPunjab
4 Min Read

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਮਰ ਦੇ ਆਖਰੀ ਪੜਾਅ ਵਿਚ ਆਖਰੀ ਵੱਡੇ ਰਾਜਸੀ ਸੰਕਟ ਵਿਚੋਂ ਗੁਜ਼ਰ ਰਹੇ ਹਨ। ਵਜ੍ਹਾ ਕੀ ਹੈ? ਪੰਜਾਬੀਆਂ ਨਾਲ ਕੀਤਾ ਸਭ ਤੋਂ ਵੱਡਾ ਵਾਅਦਾ – ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦੇਣ ਦਾ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਿੱਧੇ ਸਵਾਲ ਪੁੱਛੇ। ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਦਰਵਾਜੇ ਸਿੱਧੂ ਲਈ ਬੰਦ! ਪਾਰਟੀ ਅੰਦਰ ਸੁਖਜਿੰਦਰ ਰੰਧਾਵਾ ਕੈਬਨਿਟ ਮੰਤਰੀ ਅਤੇ ਹੋਰਾਂ ਨੇ ਆਵਾਜ ਚੁੱਕੀ।ਪਾਰਟੀ ਪ੍ਰਧਾਨ ਸੁਨੀਲ ਜਾਖੜ ਪਾਰਟੀ ਅਨੁਸ਼ਾਸ਼ਨ ਦੇ ਹੱਕ ਵਿਚ ਹੈ ਪਰ ਮੰਨਦੇ ਹਨ ਕਿ ਬੇਅਦਬੀ ਵੱਡਾ ਮੁੱਦਾ ਹੈ?ਮੁੱਖ ਮੰਤਰੀ ਨੇ ਤਾਂ ਮੀਡੀਆ ‘ਚ ਸੁਨੇਹਾ ਦੇ ਕੇ ਦਰਵਾਜਾ ਬੰਦ ਕਰ ਲਿਆ ਪਰ ਉਪਰਲਿਆਂ ਨੇ ਦਰਵਾਜੇ ਦੀ ਕੁੰਡੀ ਖੋਲ ਦਿੱਤੀ। ਪਾਰਟੀ ਹਾਈ ਕਮਾਂਡ ਨੇ ਸੱਦ ਕੇ ਦਿੱਲੀ ਮੀਟਿੰਗਾਂ ਸ਼ੁਰੂ ਕਰ ਦਿਤੀਆ ਹਨ। ਦੁਜੇ ਦਿਨ ਨਵਜੋਤ ਸਿੱਧੂ, ਪ੍ਰਗਟ ਸਿੰਘ ਅਤੇ ਕਈ ਮੰਤਰੀ ਤਿੰਨ ਮੈਂਬਰੀ ਕਮੇਟੀ ਨੂੰ ਮਿਲੇ। ਸਵਾਲ ਤਾਂ ਹੋਰ ਵੀ ਉਠਦੇ ਹਨ। ਜੋ ਮਰਜ਼ੀ ਕਹੋ? ਮਾਮਲਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਭਰੋਸੇਯੋਗਤਾ ਦਾ ਹੈ?

ਪੰਜਾਬ ਵਿਧਾਨ ਸਭਾ ਚੋਣਾ ਨਜ਼ਦੀਕ ਆ ਰਹੀਆਂ ਹਨ। ਇਸ ਕਰਕੇ ਮੰਤਰੀ ਮੰਡਲ ਦੇ ਕਈ ਮੈਂਬਰਾਂ ਅਤੇ ਵਿਧਾਇਕਾਂ ਨੂੰ ਇਹ ਚਿੰਤਾ ਹੈ ਕਿ ਜੇਕਰ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਈ ਤਾਂ ਪੰਜਾਬੀਆਂ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਜਾਵੇਗਾ। ਬੇਅਦਬੀ ਨਾਲ ਹੀ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਮੰਦ ਭਰੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਿਧਾਨ ਸਭਾ ਚੋਣ ਵੇਲੇ ਗੁਟਕਾ ਸਾਹਿਬ ਹੱਥ ਵਿਚ ਲੈਕੇ ਸੰਹੁ ਖਾਧੀ ਸੀ ਕਿ ਸਰਕਾਰ ਬਣਦਿਆਂ ਹੀ ਦੋਸ਼ੀਆਂ ਨੂੰ ਸਜਾਵਾਂ ਦੁਆਈਆਂ ਜਾਣਗੀਆਂ ਪਰ ਚਾਰ ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ਬਾਅਦ ਵੀ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ।ਨਵਜੋੋਤ ਸਿੱਧੂ ਨੇ ਪਾਰਟੀ ਅੰਦਰ ਇਹ ਮਾਮਲਾ ਪੁਰੇ ਜ਼ੋਰਦਾਰ ਢੰਗ ਨਾਲ ਉਠਾਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲਿਆ।ਸੁਖਜਿੰਦਰ ਰੰਧਾਵਾ ਕੈਬਨਿਟ ਮੰਤਰੀ ਅਤੇ ਪ੍ਰਗਟ ਸਿੰਘ ਸਮੇਤ ਕਈ ਵਿਧਾਇਕਾਂ ਨੇ ਇਹ ਮਾਮਲਾ ਉਠਾਇਆ।

ਹਲਾਂਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਲਿਤਾਂ ਦੇ ਮੁੱਦੇ ‘ਤੇ ਵੀ ਲਾਮਬੰਦੀ ਕੀਤੀ।ਨਸ਼ਿਆਂ ਦੇ ਮਾਮਲੇ ਵਿਚ ਵੀ ਰੋਸ਼ ਹੈ ਕਿ ਵੱਡੇ ਤਸਕਰਾਂ ਨੂੰ ਨੱਥ ਨਹੀਂ ਪਾਈ।ਕੈਪਟਨ ਅਮਰਿੰਦਰ ਸਿੰਘ ਨੇ ਸਖਤੀ ਨਾਲ ਬਾਗੀ ਸੁਰਾਂ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਮੁੱਖ ਮੰਤਰੀ ਨੂੰ ਸਫਲਤਾ ਨਾ ਮਿਲੀ।ਨਤੀਜਾ ਇਹ ਨਿਕਲਿਆ ਕਿ ਪਾਰਟੀ ਹਾਈ ਕਮਾਂਡ ਨੇ ਪੰਜਾਬ ਦੀ ਸਥਿਤੀ ਜਾਣਨ ਲਈ ਪਾਰਟੀ ਆਗੂਆਂ ਦੀ ਤਿੰਨ ਮੈਂਬਰੀ ਕਮੇਟੀ ਬਨਾ ਦਿਤੀ। ਇਸ ਤਰ੍ਹਾਂ ਮੰਤਰੀ ਅਤੇ ਵਿਧਾਇਕ ਤਿੰਨ ਮੈਂਬਰੀ ਕਮੇਟੀ ਨੂੰ ਆਪਣੀ ਰਾਇ ਦੇ ਰਹੇ ਹਨ।ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਮੁੱਖ ਮੰਤਰੀ ਨੇ ਸਿੱਧੂ ਲਈ ਦਰਵਾਜੇ ਹਮੇਸ਼ਾ ਲਈ ਬੰਦ ਕਰ ਦਿਤੇ ਅਤੇ ਦੁਜਿਆਂ ਨੂੰ ਚੁੱਪ ਕਰਾਉਣ ਦੇ ਸੁਨੇਹੇ ਦਿਤੇ,ਉਸੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਦਿੱਲੀ ਵਿਚ ਪਾਰਟੀ ਹਾਈ ਕਮਾਂਡ ਰਾਇ ਲੈ ਰਹੀ ਹੈ।ਜਿਹੜੇ ਸਿੱਧੂ ਬਾਰੇ ਕੈਪਟਨ ਨੇ ਕਿਹਾ ਸੀ ਕਿ ਉਹ ਤਾਂ ਆਪ ਵਿਚ ਜਾਨ ਲਈ ਤੁਰਿਆ ਫਿਰਦਾ ਹੈ, ਉਸੇ ਸਿੱਧੂ ਨੂੰ ਪਾਰਟੀ ਹਾਈ ਕਮਾਂਡ ਦੀ ਕਮੇਟੀ ਸੁਣ ਰਹੀ ਹੈ।

- Advertisement -

ਨਵਜੋਤ ਸਿੱਧੂ ਨੇ ਕਮੇਟੀ ਕੋਲ ਮੀਟਿਗ ਤੋਂ ਬਾਅਦ ਦਿੱਲੀ ਵਿਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਾਫ ਆਖ ਦਿਤਾ ਹੈ ਕਿ ਉਹ ਆਪਣੇ ਸਟੈਡ ਉਤੇ ਕਾਇਮ ਹਨ। ਜਿਹੜੇ ਮੰਤਰੀਆਂ ਨੇ ਸਿੱਧੂ ਵਿਰੁਧ ਕਾਰਵਾਈ ਲਈ ਮੀਡੀਆ ਵਿਚ ਬਿਆਨ ਦਿਤੇ ਸਨ, ਉਨ੍ਹਾਂ ਮੰਤਰੀਆਂ ਦੇ ਬਿਆਨਾਂ ਦਾ ਕੀ ਬਣੇਗਾ? ਕੋਈ ਵੀ ਰਾਜਸੀ ਵਿਸ਼ਲੇਸ਼ਕ ਅੰਦਾਜਾ ਲਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਲਈ ਇਸ ਤੋਂ ਵੱਧ ਕਸੂਤੀ ਸਥਿਤੀ ਕੀ ਹੋਵੇਗੀ?

-ਜਗਤਾਰ ਸਿੰਘ ਸਿੱਧੂ (ਐਡੀਟਰ)

ਸੰਪਰਕ-981400218

Share this Article
Leave a comment