ਕੋਵਿਡ ਟੀਕਾਕਰਣ – ਮਾਨਸਿਕ ਤਣਾਅ ਨੂੰ ਆਪਣੇ ਉਪਰ ਹਾਵੀ ਨਾ ਹੋਣ ਦੇਣ ਦੀ ਸਲਾਹ

TeamGlobalPunjab
4 Min Read

ਚੰਡੀਗੜ੍ਹ, (ਅਵਤਾਰ ਸਿੰਘ): ‘ਤਣਾਅ ਕੰਟਰੋਲ ਦੇ ਵੱਖ ਵੱਖ ਪਹਿਲੂਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਆਪਸ ਵਿੱਚ ਜੁੜੇ ਹੋਏ ਹਨ। ਹਾਲਤਾਂ ਵਿੱਚ ਤਬਦੀਲੀ ਸਾਡੀ ਸੋਚ ਅਤੇ ਵਿਵਹਾਰ ਨੂੰ ਵੀ ਬਦਲਦੀ ਹੈ ਜੋ ਸਾਡੀ ਜੀਵਨ ਸ਼ੈਲੀ ਅਤੇ ਸਰੀਰਕ ਸਮਾਜਿਕ ਸਿਹਤ ਨੂੰ ਵੀ ਬਹੁਤ ਪ੍ਰਭਾਵਿਤ ਕਰਦੀ ਹੈ, ਇਸ ਲਈ ਮਾਨਸਿਕ ਅਤੇ ਸਰੀਰਕ ਸੰਤੁਲਨ ਦੇ ਵਿਗੜਨ ਦਾ ਕਾਰਨ ਬਣਦੀ ਹੈ। ਕੋਵਿਡ ਮਹਾਮਾਰੀ ਦੌਰਾਨ ਸਬਰ ਕਾਇਮ ਰੱਖਣ ਅਤੇ ਕੋਵਿਡ ਦੇ ਸਹੀ ਵਿਵਹਾਰ ਦੀ ਪਾਲਣਾ ਕਰਦਿਆਂ, ਆਸ ਪਾਸ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ‘ਤੇ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਹੈ। ਕੋਵਿਡ ਤੋਂ ਠੀਕ ਹੋਣ ਵਾਲਿਆਂ ਨੂੰ ਵੀ ਆਪਣੀ ਪੁਰਾਣੀ ਰੁਟੀਨ ਵਿੱਚ ਸਰਗਰਮ ਹੁੰਦੇ ਹੋਏ ਸੰਕਰਮਣ ਦੌਰਾਨ ਆਏ ਮਾਨਸਿਕ ਤਣਾਅ ਨੂੰ ਹਾਵੀ ਨਾ ਹੋਣ ਦੇਣ ਦੀ ਸਲਾਹ ਦਿੱਤੀ।’

ਇਹ ਵਿਚਾਰ ਨੌਜਵਾਨਾਂ ਦਾ ਕੋਵਿਡ ਟੀਕਾਕਰਣ ਅਤੇ ਮਹਾਮਾਰੀ ਦੇ ਦੌਰਾਨ ਮਾਨਸਿਕ ਸਿਹਤ ਦੇ ਵਿਸ਼ੇ ‘ਤੇ ਇੱਕ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਸੈਂਟਰ ਫਾਰ ਸਾਇਕਲੋਜੀਕਲ ਸਪੋਰਟ ਇਨ ਡਿਜ਼ਾਸਟਰ ਮੈਨੇਜਮੈਂਟ, ਨਿਮਹੰਸ, ਬੰਗਲੌਰ ਦੇ ਡਾ. ਸੰਜੀਵ ਕੁਮਾਰ ਨੇ ਪੇਸ਼ ਕੀਤੇ। ਉਨ੍ਹਾਂ ਕਿਹਾ, “ਕੋਵਿਡ ਮਹਾਮਾਰੀ ਦੌਰਾਨ ਅੱਜ ਦੇ ਦੌਰ ਵਿੱਚ ਲੋਕਾਂ ਦਾ ਮਾਨਸਿਕ ਤਣਾਅ ਬਹੁਤ ਵਧ ਗਿਆ ਹੈ, ਜਿਸ ਦਾ ਸਾਡੀ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਉੱਤੇ ਬਹੁਤ ਪ੍ਰਭਾਵ ਪੈ ਰਿਹਾ ਹੈ।” ਇਹ ਵੈਬੀਨਾਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਖੇਤਰੀ ਲੋਕ ਸੰਪਰਕ ਬਿਊਰੋ ਅਤੇ ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਦੁਆਰਾ ਆਯੋਜਿਤ ਕੀਤਾ ਗਿਆ ਸੀ।

ਡਾ. ਰਾਜੀਵ ਦਾਸਗੁਪਤਾ, ਚੇਅਰਪਰਸਨ, ਸੈਂਟਰ ਆਫ਼ ਸੋਸ਼ਲ ਮੈਡੀਸਿਨ ਐਂਡ ਕਮਿਊਨਿਟੀ ਹੈੱਲਥ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਨੇ ਵੈਬੀਨਾਰ ਵਿੱਚ, ਨੌਜਵਾਨਾਂ ਦਾ ਕੋਵਿਡ ਟੀਕਾਕਰਣ ਦੇ ਵਿਸ਼ੇ ‘ਤੇ ਸੰਬੋਧਨ ਕਰਦਿਆਂ ਕਿਹਾ ਕਿ 18-44 ਸਾਲ ਦੇ ਉਮਰ ਸਮੂਹ ਨੂੰ ਸਿਹਤਮੰਦ ਉਮਰ ਸਮੂਹ ਮੰਨਿਆ ਜਾਂਦਾ ਹੈ ਪਰ ਇਸ ਸ਼੍ਰੇਣੀ ਦੇ ਨੌਜਵਾਨਾਂ ਨੂੰ ਜਿਸ ਤਰੀਕੇ ਨਾਲ ਦੂਸਰੀ ਲਹਿਰ ਦੇ ਸਟ੍ਰੇਨ ਨੇ ਸੰਕਰਮਿਤ ਕੀਤਾ ਹੈ, ਇਸ ਦੇ ਮੱਦੇਨਜ਼ਰ, ਉਨ੍ਹਾਂ ਦਾ ਟੀਕਾਕਰਣ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਡਾ. ਦਾਸਗੁਪਤਾ ਨੇ ਕਿਹਾ ਕਿ ਨੌਜਵਾਨਾਂ ਵਿੱਚ ਕੋਵਿਡ ਦੇ ਹਲਕੇ ਲੱਛਣਾਂ ਦੇ ਪ੍ਰਭਾਵ ਦੀ ਸੰਭਾਵਨਾ ਦੇ ਮੱਦੇਨਜ਼ਰ, ਉਨ੍ਹਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਰਜਿਸਟਰ ਹੋਣ ਤੋਂ ਬਾਅਦ ਸਲਾਟ ਪ੍ਰਾਪਤ ਹੋਣ ‘ਤੇ ਉਨ੍ਹਾਂ ਨੂੰ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਵਿਦੇਸ਼ਾਂ ਤੋਂ ਆਉਣ ਵਾਲੇ ਟੀਕੇ ਦੇ ਇੰਤਜ਼ਾਰ ਵਿੱਚ ਸਮਾਂ ਨਾ ਬਿਤਾ ਕੇ, ਭਾਰਤ ਵਿੱਚ ਨਿਯਮਿਤ ਅਤੇ ਉਪਲਬਧ ਟੀਕਾ ਲਗਵਾਉਣ ਦੀ ਸਲਾਹ ਦਿੱਤੀ।

ਇਸ ਸੈਸ਼ਨ ਦੌਰਾਨ, ਡਾ. ਸ਼ੇਖਰ, ਪ੍ਰੋਫੈਸਰ ਅਤੇ ਹੈੱਡ ਸੈਂਟਰ ਫਾਰ ਸਾਇਕਲੋਜੀਕਲ ਸਪੋਰਟ ਇਨ ਡਿਜ਼ਾਸਟਰ ਮੈਨੇਜਮੈਂਟ, ਨਿਮਹੰਸ, ਬੰਗਲੌਰ ਨੇ ਵੀ ਮਾਨਸਿਕ ਤਣਾਅ ਪ੍ਰਬੰਧਨ ‘ਤੇ ਸੰਬੋਧਨ ਕੀਤਾ।

- Advertisement -

 

ਸੈਸ਼ਨ ਦੀ ਸ਼ੁਰੂਆਤ ਵਿੱਚ ਸਹਾਇਕ ਡਾਇਰੈਕਟਰ, ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਹਿਤੇਸ਼ ਰਾਵਤ, ਨੇ ਮਾਹਿਰਾਂ ਅਤੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਕੋਵਿਡ ਮਹਾਮਾਰੀ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਮੰਤਰਾਲੇ ਦੁਆਰਾ ਕੀਤੀਆਂ ਜਾ ਰਹੀਆਂ ਪ੍ਰਚਾਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਵੈਬੀਨਾਰ ਦੌਰਾਨ ਸੁਸ਼੍ਰੀ ਸਪਨਾ, ਸਹਾਇਕ ਡਾਇਰੈਕਟਰ, ਖੇਤਰੀ ਲੋਕ ਸੰਪਰਕ ਬਿਊਰੋ ਚੰਡੀਗੜ੍ਹ ਨੇ ਭਾਗੀਦਾਰਾਂ ਅਤੇ ਮਾਹਿਰਾਂ ਦਰਮਿਆਨ ਆਪਸੀ ਗੱਲਬਾਤ ਦਾ ਸੰਚਾਲਨ ਕੀਤਾ। ਸੈਸ਼ਨ ਦੀ ਸਮਾਪਤੀ ਤੇ ਸੁਸ਼੍ਰੀ ਸੰਗੀਤਾ ਜੋਸ਼ੀ, ਸਹਾਇਕ ਡਾਇਰੈਕਟਰ, ਖੇਤਰੀ ਲੋਕ ਸੰਪਰਕ ਬਿਊਰੋ, ਚੰਡੀਗੜ੍ਹ ਨੇ ਮਾਹਿਰਾਂ ਦੁਆਰਾ ਕੀਤੇ ਸੰਬੋਧਨ ਨੂੰ ਭਾਗੀਦਾਰਾਂ ਲਈ ਬਹੁਤ ਲਾਭਦਾਇਕ ਦੱਸਿਆ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਵੈਬੀਨਾਰ ਵਿੱਚ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ 100 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ।

Share this Article
Leave a comment