ਨਿਊਯਾਰਕ: ਕੋਰੋਨਾ ਵਾਇਰਸ ਕਾਰਨ ਦੁਨੀਆਂ ਭਰ ਵਿਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਬੀਤੇ ਸਾਲ ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਜਦੋਂ ਕੋਵਿਡ-19 ਪੀਕ ‘ਤੇ ਸੀ ਤਾਂ ਉਸ ਵੇਲੇ ਵੱਡੀ ਗਿਣਤੀ ‘ਚ ਲੋਕਾਂ ਨੇ ਆਪਣੀ ਜਾਨ ਗਵਾਈ ਸੀ। ਹਾਲਾਤ ਅਜਿਹੇ ਬਣ ਗਏ ਸਨ ਕਿ ਮਰਨ ਵਾਲਿਆਂ ਨੂੰ ਦਫਨਾਉਣ ਲਈ ਜ਼ਮੀਨ ਵੀ ਘੱਟ ਪੈ ਗਈ। ਅਜਿਹੇ ਵਿੱਚ ਨਿਊਯਾਰਕ ਪ੍ਰਸਾਸ਼ਨ ਨੇ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਰੈਫਰੀਜਰੇਟਰ ਵਾਲੇ ਟਰੱਕਾਂ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ, ਪਰ ਇਕ ਸਾਲ ਬਾਅਦ ਵੀ ਟਰੱਕਾਂ ‘ਚ ਰੱਖੀਆਂ ਦੇਹਾਂ ਨੂੰ ਦੋ ਗਜ਼ ਜ਼ਮੀਨ ਨਹੀਂ ਮਿਲੀ।
ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਪਿਛਲੇ ਹਫਤੇ ਸਵੀਕਾਰ ਕੀਤਾ ਕਿ ਬਰੁਕਲਿਨ ਵਾਟਰਫਰੰਟ ਦੇ ਕੰਢੇ ਪਾਰਕ ਕੀਤੇ ਗਏ ਟਰੱਕਾਂ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀਆਂ ਲਗਭਗ 750 ਮ੍ਰਿਤਕ ਦੇਹਾਂ ਪਈਆਂ ਹੋਈਆਂ ਹਨ।
ਰਿਪੋਰਟਾਂ ਅਨੁਸਾਰ ਅਧਿਕਾਰੀਆਂ ਨੇ ਹੁਣ ਲਾਸ਼ਾਂ ਨੂੰ ਹਾਰਟ ਆਇਲੈਂਡ ‘ਚ ਦਫਨਾਉਣ ਦੀ ਯੋਜਨਾ ਬਣਾਈ ਹੈ। ਹਾਰਟ ਆਇਲੈਂਡ ਨੂੰ ਅਮਰੀਕਾ ਦਾ ਸਭ ਤੋਂ ਵੱਡਾ ਸਮੂਹਿਕ ਕਬਰਿਸਤਾਨ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਸਾਲਾਂ ਤੋਂ ਸ਼ਹਿਰ ਦੇ ਗਰੀਬਾਂ ਅਤੇ ਲਾਵਾਰਸ ਲਾਸ਼ਾਂ ਨੂੰ ਦਫਨਾਉਣ ਦੇ ਲਈ ਕੀਤੀ ਜਾ ਰਹੀ ਹੈ।