ਫਰਿਜ਼ਨੋ (ਕੈਲੀਫੋਰਨੀਆ)( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਗਾਈਆਂ ਕੋਰੋਨਾ ਪਾਬੰਦੀਆਂ ਜੋ ਕਿ ਪ੍ਰਸਾਸ਼ਨ ਦੁਆਰਾ ਸੋਮਵਾਰ ਤੋਂ ਹਟਾਈਆਂ ਗਈਆਂ ਹਨ। ਤਕਰੀਬਨ 20 ਮਹੀਨਿਆਂ ਬਾਅਦ ਹਟੀਆਂ ਯਾਤਰਾ ਪਾਬੰਦੀਆਂ ਤੋਂ ਬਾਅਦ ਅਮਰੀਕਾ ਦੀਆਂ ਏਅਰਪੋਰਟਾਂ, ਜ਼ਮੀਨੀ ਸਰਹੱਦਾਂ ਆਦਿ ‘ਤੇ ਲੰਬੇ ਅਰਸੇ ਬਾਅਦ ਪਰਿਵਾਰਾਂ ਦੇ ਮੇਲ ਹੋਏ ਹਨ।
ਅਮਰੀਕਾ ਵਿੱਚ ਖਾਸਕਰ ਜੇ ਐਫ ਕੇ ਹਵਾਈ ਅੱਡੇ ‘ਤੇ ਲੋਕਾਂ ਨੇ ਆਪਣੇ ਅਜ਼ੀਜ਼ਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੂਰੇ ਯੂਰਪ ਤੋਂ ਭੀੜ ਭਰੀਆਂ ਉਡਾਣਾਂ ਅਮਰੀਕੀ ਧਰਤੀ ‘ਤੇ ਉਤਰੀਆਂ ਜਦਕਿ ਦਿਨ ਭਰ ਕੈਨੇਡਾ ਅਤੇ ਮੈਕਸੀਕੋ ਦੇ ਜ਼ਮੀਨੀ ਬਾਰਡਰ ਰਾਹੀਂ ਵੀ ਕਾਰਾਂ ਦੀਆਂ ਮੀਲਾਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ।
ਟਰੰਪ ਪ੍ਰਸ਼ਾਸਨ ਦੁਆਰਾ ਪਹਿਲੀ ਵਾਰ ਮਾਰਚ 2020 ਵਿੱਚ ਲਗਾਈਆਂ ਗਈਆਂ ਗੰਭੀਰ ਯਾਤਰਾ ਪਾਬੰਦੀਆਂ ਨੇ ਕਈ ਦੇਸ਼ਾਂ ਤੋਂ ਯਾਤਰਾ ਕਰਨ ਵਾਲੇ ਗੈਰ-ਯੂਐਸ ਨਾਗਰਿਕਾਂ ਤੱਕ ਪਹੁੰਚ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਵਿੱਚ ਜ਼ਿਆਦਾਤਰ ਯੂਰਪ, ਮੈਕਸੀਕੋ, ਕੈਨੇਡਾ ਅਤੇ ਹੋਰ ਦੇਸ਼ਾਂ ਦੀ ਐਂਟਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਨਵੇਂ ਨਿਯਮਾਂ ਤਹਿਤ ਸੋਮਵਾਰ ਨੂੰ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ਦੁਬਾਰਾ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ, ਜਿਸ ਨਾਲ ਸੈਲਾਨੀ ਲੰਬੇ ਸਮੇਂ ਤੋਂ ਯਾਤਰਾ ਦਾ ਇੰਤਜ਼ਾਰ ਕਰ ਰਹੇ ਵਿਦੇਸ਼ੀ ਪਰਿਵਾਰਕ ਮੈਂਬਰ ਆਪਣੇ ਅਜ਼ੀਜ਼ਾਂ ਨਾਲ ਦੁਬਾਰਾ ਮਿਲਣ ਦੇ ਯੋਗ ਹੋਏ।