ਕੋਵਿਡ-19 : ਬ੍ਰਿਟੇਨ ‘ਚ ਮੁੜ ਖੁਲ੍ਹੇ ਸਕੂਲ, ਕੋਰੋਨਾ ਕਾਰਨ ਮਾਰਚ ਤੋਂ ਸਨ ਬੰਦ

TeamGlobalPunjab
2 Min Read

ਲੰਡਨ : ਬ੍ਰਿਟੇਨ ਸਰਕਾਰ ਵੱਲੋਂ ਕੋੋਰੋਨਾ ਮਹਾਂਮਾਰੀ ਕਾਰਨ ਮਾਰਚ ਤੋਂ ਬੰਦ ਪਏ ਸਕੂਲਾਂ ਨੂੰ ਆਖਿਰਕਾਰ ਮੰਗਲਵਾਰ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਨੇ ਦੱਸਿਆ ਕਿ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਵਿਚਕਾਰ ਸਿੱਧਾ ਸੰਪਰਕ ਘਟਾਉਣ ਅਤੇ ਸਮਾਜਕ ਮੇਲ-ਮਿਲਾਪ ਨੂੰ ਦੂਰ ਕਰਨ ਲਈ “ਨਿਯੰਤਰਣ ਪ੍ਰਣਾਲੀ” ਨਾਲ ਸਕੂਲ ਵਾਪਸ ਖੁੱਲਣਗੇ। ਇਸ ਦੇ ਨਾਲ ਹੀ ਜਨਤਕ ਥਾਵਾਂ ‘ਤੇ ਮੂੰਹ ਨੂੰ ਢੱਕਣਾ ਲਾਜ਼ਮੀ ਹੋਵੇਗਾ।

ਬ੍ਰਿਟੇਨ ਦੇ ਸਿੱਖਿਆ ਮੰਤਰੀ ਗੈਵਿਨ ਵਿਲੀਅਮਸਨ ਨੇ ਕਿਹਾ, ‘ਦੇਸ਼ ਭਰ ਦੇ ਸਾਰੇ ਵਿਦਿਆਰਥੀਆਂ ਲਈ ਸਕੂਲ ਫਿਰ ਖੁੱਲ੍ਹ ਰਹੇ ਹਨ। ਬਹੁਤ ਸਾਰੇ ਲੋਕਾਂ ਲਈ, ਅੱਜ  ਸਕੂਲ ‘ਚ ਬੱਚਿਆਂ ਦਾ ਸਾਲ ਦਾ ਪਹਿਲਾ ਦਿਨ ਹੋਵੇਗਾ, ਜਦੋਂਕਿ ਹਜ਼ਾਰਾਂ ਬੱਚੇ ਇਕ ਵਾਰ ਫਿਰ ਸਕੂਲ ਜਾਣਗੇ। ਇਸ ਦੇ ਨਾਲ ਹੀ ਵਿਲੀਅਮਸਨ ਨੇ  ਕਿਹਾ ਕਿ ਉਹ ਪਿਛਲੇ ਕੁਝ ਮਹੀਨਿਆਂ ਦੀਆਂ ਚੁਣੌਤੀਆਂ ਨੂੰ ਘੱਟ ਨਹੀਂ ਸਮਝ ਰਹੇ ਪਰ ਉਹ ਜਾਣਦੇ ਹਨ ਕਿ ਬੱਚਿਆਂ ਲਈ ਸਕੂਲ ਵਾਪਸ ਜਾਣਾ ਕਿੰਨਾ ਮਹੱਤਵਪੂਰਣ ਹੈ। ਨਾ ਸਿਰਫ ਉਨ੍ਹਾਂ ਦੀ ਸਿੱਖਿਆ ਲਈ ਬਲਕਿ ਉਨ੍ਹਾਂ ਦੇ ਵਿਕਾਸ ਅਤੇ ਕਲਿਆਣ ਲਈ ਵੀ। “

ਬ੍ਰਿਟੇਨ ਸਰਕਾਰ ਵੱਲੋਂ ਸਕੂਲ ਤੋਂ ਘਰ ਤਕ ਆਵਾਜਾਈ ਸੇਵਾਵਾਂ ਨੂੰ ਵਧਾਉਣ ਅਤੇ ਜਨਤਕ ਆਵਾਜਾਈ ‘ਤੇ ਦਬਾਅ ਘਟਾਉਣ ਲਈ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਥਾਨਕ ਟ੍ਰਾਂਸਪੋਰਟ ਅਧਿਕਾਰੀਆਂ ਨੂੰ 40 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਜਾਣ ਲਈ ਸਾਈਕਲ ਜਾਂ ਸਕੂਟਰ ਦੀ ਵਰਤੋਂ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਬ੍ਰਿਟੇਨ ‘ਚ ਹੁਣ ਤੱਕ ਕੋਰੋਨਾ ਦੇ 3 ਲੱਖ 37 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 41 ਹਜ਼ਾਰ ਤੋਂ ਵੱਧ ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ।

- Advertisement -

Share this Article
Leave a comment