ਵਾਸ਼ਿੰਗਟਨ : ਅਮਰੀਕੀ ਦਵਾਈ ਕੰਪਨੀ Pfizer ਨੇ ਐਂਟੀਵਾਇਰਲ ਗੋਲੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਕੋਵਿਡ ਦੇ ਖਿਲਾਫ ਐਂਟੀਵਾਇਰਲ ਗੋਲੀ ਨੂੰ ਲੈ ਕੇ ਫਾਰਮਾ ਕੰਪਨੀ ਨੇ ਕਿਹਾ ਹੈ ਕਿ ਇਹ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੇ ਜੋਖਮ ਨੂੰ 90 ਪ੍ਰਤੀਸ਼ਤ ਤੱਕ ਘਟਾਉਣ ‘ਚ ਸਹਾਇਕ ਹੈ।
ਦੁਨੀਆ ਭਰ ‘ਚ ਹੁਣ ਤੱਕ ਕੋਵਿਡ -19 ਦੇ ਇਲਾਜ ਵਿੱਚ ਦਵਾਈ ਨਾੜੀ ਜਾਂ ਟੀਕੇ ਦੁਆਰਾ ਦਿੱਤੀ ਜਾਂਦੀ ਹੈ। ਇਸ ਗੋਲੀ ਦੇ ਨਾਲ, ਕੰਪਨੀ ਅਮਰੀਕਾ ਦੇ ਬਾਜ਼ਾਰ ਵਿੱਚ ਕੋਵਿਡ-19 ਦੇ ਵਿਰੁੱਧ ਪਹਿਲੀ ਆਸਾਨੀ ਨਾਲ ਵਰਤੀ ਜਾਣ ਵਾਲੀ ਦਵਾਈ ਨੂੰ ਪੇਸ਼ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ। ਇਸ ਤੋਂ ਪਹਿਲਾਂ ਫਾਰਮਾ ਕੰਪਨੀ ਮਰਕ ਨੇ ਕੋਵਿਡ-19 ਗੋਲੀ ਤਿਆਰ ਕੀਤੀ ਹੈ ਅਤੇ ਯੂਕੇ ਇਸ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਫਾਈਜ਼ਰ ਨੇ ਸ਼ੁੱਕਰਵਾਰ ਨੂੰ 775 ਬਾਲਗਾਂ ‘ਤੇ ਆਪਣੇ ਅਧਿਐਨ ਦੇ ਸ਼ੁਰੂਆਤੀ ਨਤੀਜੇ ਜਾਰੀ ਕੀਤੇ। ਇੱਕ ਹੋਰ ਐਂਟੀਵਾਇਰਲ ਨਾਲ ਕੰਪਨੀ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਵਿੱਚ ਇੱਕ ਮਹੀਨੇ ਬਾਅਦ ਡਮੀ ਗੋਲੀ ਲੈਣ ਵਾਲੇ ਮਰੀਜ਼ਾਂ ਦੀ ਤੁਲਨਾ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਜਾਂ ਮੌਤ ਦੀ ਸੰਯੁਕਤ ਦਰ ਵਿੱਚ 89 ਪ੍ਰਤੀਸ਼ਤ ਦੀ ਕਮੀ ਪਾਈ ਗਈ।
ਫਾਈਜ਼ਰ ਵਲੋਂ ਅਰਜ਼ੀ ਦਿੱਤੇ ਜਾਣ ਤੋਂ ਬਾਅਦ ਐੱਫ.ਡੀ.ਏ. ਹਫ਼ਤਿਆਂ ਜਾਂ ਮਹੀਨਿਆਂ ਦੇ ਅੰਦਰ ਇਸਦੀ ਮਨਜ਼ੂਰੀ ਲਈ ਫ਼ੈਸਲਾ ਲੈ ਸਕਦਾ ਹੈ। ਦੁਨੀਆ ਭਰ ਦੇ ਖੋਜੀ ਕੋਵਿਡ-19 ਦੇ ਵਿਰੁੱਧ ਇਲਾਜ ਲਈ ਗੋਲੀ ਵਿਕਸਿਤ ਕਰਨ ‘ਤੇ ਕੰਮ ਕਰ ਰਹੇ ਹਨ ਜੋ ਲੱਛਣਾਂ ਨੂੰ ਘਟਾਉਣ, ਰਿਕਵਰੀ ਵਿੱਚ ਤੇਜ਼ੀ ਲਿਆਉਣ ‘ਚ ਮਦਦ ਮਿਲ ਸਕੇ।