ਕੋਵਿਡ-19 : ਭਾਰਤ ਦੁਨੀਆ ਦਾ 11ਵਾਂ ਸਭ ਤੋਂ ਪ੍ਰਭਾਵਿਤ ਦੇਸ਼, ਕੋਰੋਨਾ ਮਰੀਜ਼ਾਂ ਦੇ ਮਾਮਲੇ ‘ਚ ਚੀਨ ਨੂੰ ਵੀ ਛੱਡਿਆ ਪਿੱਛੇ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ‘ਚ ਹੀ ਬੀਤੇ ਸ਼ੁੱਕਰਵਾਰ ਭਾਰਤ ਨੇ ਕੋਰੋਨਾ ਸੰਕਰਮਿਤ ਮਰੀਜ਼ਾਂ ਦੇ ਮਾਮਲੇ ਵਿਚ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸ਼ੁੱਕਰਵਾਰ ਨੂੰ ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 85 ਹਜ਼ਾਰ ਤੋਂ ਪਾਰ ਚਲਾ ਗਿਆ ਹੈ ਜੋ ਕਿ ਮੌਜੂਦਾ ਸਮੇਂ ਚੀਨ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਤੋਂ ਵੀ ਵੱਧ ਹੈ। ਚੀਨ ‘ਚ ਹੁਣ ਤੱਕ ਕੋਰੋਨਾ ਦੇ 82,933 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਇੱਕ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ ਕਿ ਚੀਨ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦਾ ਅੰਕੜਾ 6 ਲੱਖ ਤੋਂ ਵੀ ਵੱਧ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਮਾਮਲਾ ਚੀਨ ਦੇ ਵੁਹਾਨ ਸ਼ਹਿਰ ਤੋਂ ਸਾਹਮਣੇ ਆਇਆ ਸੀ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਚੀਨ ਵਿੱਚ ਕੋਰੋਨਾ ਵਾਇਰਸ ਨਾਲ 4,633 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 78,000 ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।

ਭਾਰਤ ਹੁਣ ਕੋਵਿਡ -19 ਨਾਲ ਪ੍ਰਭਾਵਿਤ ਦੁਨੀਆ ਦਾ 11ਵਾਂ ਦੇਸ਼ ਬਣ ਗਿਆ ਹੈ। ਅਮਰੀਕਾ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ। ਅਮਰੀਕਾ ‘ਚ 14 ਲੱਖ ਲੋਕ ਕੋਰੋਨਾ ਦੀ ਲਪੇਟ ‘ਚ ਹਨ। ਇਸ ਤੋਂ ਬਾਅਦ ਕ੍ਰਮਵਾਰ ਰੂਸ, ਬ੍ਰਿਟੇਨ, ਸਪੇਨ, ਇਟਲੀ ਅਤੇ ਬ੍ਰਾਜ਼ੀਲ ਦਾ ਨੰਬਰ ਆਉਂਦਾ ਹੈ, ਜਿਥੇ ਦੋ ਲੱਖ ਤੋਂ ਵੱਧ ਮਾਮਲੇ ਹਨ। ਫਰਾਂਸ, ਜਰਮਨੀ, ਤੁਰਕੀ ਅਤੇ ਈਰਾਨ ਵਿਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।

ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਨਾਲ ਵਿਸ਼ਵ ਪੱਧਰ ‘ਤੇ ਹੁਣ ਤੱਕ 3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 45 ਲੱਖ ਤੋਂ ਵੱਧ ਲੋਕ ਕੋਰੋਨਾ ਮਹਾਮਾਰੀ ਖਿਲਾਫ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਦੇਸ਼ ‘ਚ ਕੋਰੋਨਾ ਨਾਲ 2600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

- Advertisement -

Share this Article
Leave a comment