ਸਿੰਗਾਪੁਰ : ਪੂਰੀ ਦੁਨੀਆ ‘ਚ ਕੋਰੋਨਾ ਦਾ ਪ੍ਰਕੋਪ ਵੱਧਦਾ ਹੀ ਜਾ ਰਿਹਾ ਹੈ। ਪ੍ਰਭਾਵਿਤ ਦੇਸ਼ਾਂ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਚੱਲਦਿਆਂ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਭਾਰਤ ਤੋਂ ਸਿੰਗਾਪੁਰ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਸਿਹਤ ਮੰਤਰਾਲੇ ਨੇ ਇਸ ਸਬੰਧੀ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕੀਤਾ। ਇਸ ਬਿਆਨ ਤਹਿਤ ਭਾਰਤ ਤੋਂ ਸਿੰਗਾਪੁਰ ਆਉਣ ਵਾਲੇ ਉਹ ਸਾਰੇ ਯਾਤਰੀ ਜੋ ਸਿੰਗਾਪੁਰ ਦੇ ਨਹੀਂ ਹਨ ਲੇਕਿਨ ਇੱਥੇ ਦੇ ਸਥਾਈ ਨਿਵਾਸੀ ਹਨ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਅਪਣਾ ਕੋਰੋਨਾ ਟੈਸਟ ਕਰਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਕੋਰੋਨਾ ਵਾਇਰਸ ਦੇ ਬਾਹਰ ਤੋਂ ਆਉਣ ਵਾਲੇ ਮਾਮਲਿਆਂ ਨੂੰ ਘੱਟ ਕਰਨ ਦੇ ਮਕਸਦ ਨਾਲ ਇਹ ਫ਼ੈਸਲਾ ਲਿਆ ਹੈ।
ਦੱਸ ਦਈਏ ਕਿ ਬੀਤੇ ਮੰਗਲਵਾਰ ਨੂੰ ਭਾਰਤ ਤੋਂ ਸਿੰਗਾਪੁਰ ਗਏ ਯਾਤਰੀਆਂ ‘ਚੋਂ ਇੱਕ ਸਾਲ ਦੇ ਬੱਚੇ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ ਦੋ ਯਾਤਰੀਆਂ ‘ਚ ਕੋਰੋਨਾ ਦੇ ਲੱਛਣ ਪਾਏ ਗਏ ਸਨ। ਨਵੇਂ ਨਿਰਦੇਸ਼ਾਂ ਅਨੁਸਾਰ ਸਿੰਗਾਪੁਰ ਦੇ ਲਈ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਵੀ ਜ਼ਰੂਰੀ ਹੈ। ਸਿਰਫ ਉਨ੍ਹਾਂ ਯਾਤਰੀਆਂ ਨੂੰ ਸਿੰਗਾਪੁਰ ਦੇ ਲਈ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਹੋਵੇਗੀ।