ਪਟਿਆਲਾ : ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ‘ਚ ਹੀ ਜ਼ਿਲ੍ਹਾ ਪਟਿਆਲਾ ਦੇ ਬਲਾਕ ਘਨੌਰ ‘ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਘਨੌਰ ਹਲਕੇ ਦੇ ਪਿੰਡ ਲੰਜਾਂ ਅਤੇ ਹਰੀਮਾਜਰਾ ‘ਚ ਕੋਰੋਨਾ ਦੇ ਇੱਕ-ਇੱਕ ਮਾਮਲੇ ਦੀ ਪੁਸ਼ਟੀ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਪਿੰਡ ਲੰਜਾਂ ਦੇ 42 ਸਾਲਾਂ ਇੱਕ ਵਿਅਕਤੀ ‘ਚ ਕੋਰੋਨਾ ਦੇ ਲੱਛਣਾਂ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਮਸ਼ੀਨ ਦਾ ਸੀਜ਼ਨ ਲਗਾ ਕੇ ਬਾਹਰੀ ਰਾਜ ਤੋਂ ਘਰ ਵਾਪਸ ਪਰਤਿਆ ਸੀ। ਜਦ ਕਿ ਪਿੰਡ ਹਰੀਮਾਜਰਾ ਦਾ 18 ਸਾਲਾਂ ਨੌਜਵਾਨ ਜਿਸ ‘ਚ ਕੋਰੋਨਾ ਦੇ ਲੱਛਣਾਂ ਦੀ ਪੁਸ਼ਟੀ ਹੋਈ ਹੈ ਹਾਲ ਹੀ ‘ਚ ਦਿੱਲੀ ਤੋਂ ਵਾਪਰ ਘਰ ਪਰਤਿਆ ਸੀ।
ਦੋਵੇਂ ਮਰੀਜ਼ਾਂ ਨੂੰ ਹਲਕਾ ਘਨੌਰ ਦੇ ਥਾਣਾ ਮੁੱਖੀ ਅਤੇ ਐਸਐਮਓ ਡਾਕਟਰ ਸੁਤਿੰਦਰ ਕੌਰ ਸੰਧੂ ਦੀ ਨਿਗਰਾਨੀ ਹੇਠ ਦੇਰ ਰਾਤ ਐਂਬੂਲੈਂਸ ਰਾਹੀਂ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਆਈਸੋਲੇਸ਼ਨ ਵਾਰਡ ‘ਚ ਦਾਖਿਲ ਕਰਵਾਇਆ ਗਿਆ ਹੈ। ਸਾਵਧਾਨੀ ਦੇ ਤੌਰ ‘ਤੇ ਦੋਵੇਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੂਬੇ ‘ਚ ਅੱਜ ਕੋਰੋਨਾ ਦੇ 41 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸੂਬੇ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਕੇ 2197 ਹੋ ਗਈ ਹੈ । ਇਨ੍ਹਾਂ ਵਿੱਚੋ 1949 ਵਿਅਕਤੀ ਇਲਾਜ਼ ਉਪਰੰਤ ਆਪਣੇ ਘਰ ਚਲੇ ਗਏ ਹਨ ਜਦੋ ਕਿ 206 ਐਕਟਿਵ ਕੇਸ ਹਨ। ਅੱਜ ਮਿਲੇ ਨਵੇਂ ਮਾਮਲਿਆਂ ‘ਚ ਮੁਹਾਲੀ (3 ), ਪਟਿਆਲਾ (3 ) ਜਲੰਧਰ (8) ਲੁਧਿਆਣਾ (4) ਮੋਗਾ (2) ਅੰਮ੍ਰਿਤਸਰ ਸਾਹਿਬ (12) ਰੋਪੜ (1) ਪਠਾਨਕੋਟ (5) ਗੁਰਦਸਪੂਰ (3) ਸ਼ਾਮਲ ਹਨ।