ਕੋਵਿਡ-19 ਅਤੇ ਕੱਪੜਿਆਂ ਦੀ ਸਾਂਭ-ਸੰਭਾਲ

TeamGlobalPunjab
4 Min Read

-ਸੁਰਭੀ ਮਹਾਜਨ

 

ਸਾਰਾ ਸੰਸਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਪੀੜਤ ਹੈ। ਇਸ ਸਮੇਂ ਇਸ ਦੇ ਇਲਾਜ ਲਈ ਕੋਈ ਟੀਕਾਕਰਨ ਉਪਲਬਧ ਨਹੀਂ ਹੈ, ਇਸ ਲਈ ਆਪਣੇ ਆਪ ਨੂੰ ਅਤੇ ਅਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੁਰੱਖਿਅਤ ਰੱਖਣ ਲਈ, ਲਾਗ ਤੋਂ ਬਚਾਉ ਹੀ ਸਭ ਤੋਂ ਵੱਧੀਆ ਵਿਕਲਪ ਹੈ। ਕੋਰੋਨਾ ਵਾਇਰਸ ਕੱਪੜਿਆਂ ਉਤੇ ਕੁਝ ਘੰਟਿਆਂ ਤੋਂ ਲੈ ਕੇ ਕਈ ਘੰਟੀਆਂ ਤਕ ਜੀਵਿਤ ਰਹਿ ਸਕਦਾ ਹੈ ਜੋ ਕਿ ਕੱਪੜਿਆਂ ਵਿਚਲੇ ਰੇਸ਼ਿਆ ਤੇ ਵੀ ਨਿਰਭਰ ਕਰਦਾ ਹੈ। ਇਸ ਲਈ ਕੱਪੜੇ ਵੀ ਵਾਇਰਸ ਦੇ ਸੰਭਾਵੀ ਕੈਰੀਅਰਾਂ ਵਿਚੋਂ ਇਕ ਹਨ ਅਤੇ ਇਸ ਲਈ ਹੱਥਾਂ ਅਤੇ ਸਰੀਰ ਦੀ ਸਫਾਈ ਦੇ ਨਾਲ-ਨਾਲ ਕੱਪੜਿਆਂ ਦੀ ਸਹੀ ਸਫਾਈ ਵੀ ਬਹੁਤ ਜ਼ਰੂਰੀ ਹੈ।

ਜਦੋਂ ਤੁਸੀਂ ਆਪਣੇ ਘਰ ਵਿੱਚ ਦਾਖਲ ਹੁੰਦੇ ਹੋ, ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਗੰਦੇ ਕੱਪੜੇ ਜੋ ਭੀੜ ਵਾਲੀ ਜਗ੍ਹਾ ਤੇ ਪਹਿਨੇ ਹਨ, ਇੱਕ ਲਾਂਡਰੀ ਬੈਗ ਵਿੱਚ ਰੱਖੋ ਜੋ ਇਸ ਉਦੇਸ਼ ਲਈ ਲੇਬਲ ਕੀਤਾ ਗਿਆ ਹੈ। ਲਗਭਗ 5-6 ਘੰਟਿਆਂ ਲਈ ਕਪੜੇ ਇੱਕ ਪਾਸੇ ਰਹਿਣ ਦਿਉ, ਲੋੜੀਂਦੇ ਸਮੇਂ ਤੋਂ ਬਾਅਦ, ਕੱਪੜੇ ਕੱਢ ਕੇ ਉਨ੍ਹਾਂ ਨੂੰ ਚੰਗੀ ਗੁਣਵੱਤਾ ਵਾਲੇ ਡਿਟਰਜੈਂਟ ਵਿੱਚ ਘੱਟੋ-ਘੱਟ 10-15 ਮਿੰਟਾਂ ਲਈ ਭਿਉ ਦਿਉ। ਜੇ ਘਰ ਵਿੱਚ ਕੋਈ ਵੀ ਡਿਟਰਜੈਂਟ ਉਪਲਬਧ ਨਹੀਂ ਹੈ ਤਾਂ ਡਿਟਰਜੈਂਟ ਦੀ ਜਗ੍ਹਾ ਬੇਕਿੰਗ ਸੋਡਾ ਜਾਂ ਸਿਰਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੱਪੜੇ ਬਾਹਰ ਕੱਢ ਕੇ ਉਹਨਾ ਨੂੰ ਸਾਫ ਪਾਣੀ ਵਿੱਚੋਂ ਘੱਟੋ- ਘੱਟ 2 ਵਾਰ ਕੱਢੋ ਅਤੇ ਨਿਚੋੜ ਕੇ ਧੁੱਪ ਵਿੱਚ ਸੁਕਾਉ।

- Advertisement -

ਕੱਪੜੇ ਧੋਣ ਵੇਲੇ ਕੀ ਕਰਨਾ ਚਾਹੀਦਾ ਹੈ : ਹਰ ਤਰ੍ਹਾਂ ਦੇ ਕੱਪੜੇ ਉਪਰਲੇ ਅਤੇ ਹੇਠਲੇ, ਦੁਪੱਟੇ, ਸਕਾਫ, ਟੋਪੀ ਆਦਿ ਜੇਕਰ ਭੀੜ ਵਾਲੀਆਂ ਥਾਵਾਂ ਤੇ ਵਰਤੇ ਗਏ ਹਨ ਤਾਂ ਰੋਜ਼ ਧੋਤੇ ਜਾਣ। ਮਾਸਕ ਨੂੰ ਰੋਜ਼ਾਨਾ ਧੋਣਾ ਜ਼ਰੂਰੀ ਹੈ। ਬਟੂਆ, ਹੈਂਡ ਬੈਗ, ਬੈਲਟ ਅਤੇ ਹੋਰ ਉਪਕਰਣਾਂ ਨੂੰ ਘਰ ਵਾਪਸ ਆਉਣ ਤੋਂ ਬਾਅਦ ਹਰ ਰੋਜ਼ ਸੈਨੇਟਾਇਜ਼ਰ ਨਾਲ ਸਾਫ ਕਰਨਾ ਚਾਹੀਦਾ ਹੈ। ਘਰ ਦੇ ਅੰਦਰ ਅਤੇ ਬਾਹਰ ਜਾਣ ਲਈ ਵੱਖ-ਵੱਖ ਜੋੜੇ/ਸੈਂਡਲ/ਚਪਲਾਂ ਰੱਖੋ। ਲਾਗ ਵਾਲੇ ਕੱਪੜਿਆਂ ਨੂੰ ਹੱਥ ਨਾਲ ਧੋਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਥੋੜੇ ਕੱਪੜਿਆਂ ਨੂੰ ਮਸ਼ੀਨ ਵਿੱਚ ਧੋਣ ਨਾਲ ਪਾਣੀ ਅਤੇ ਬਿਜਲੀ ਦੀ ਬਰਬਾਦੀ ਹੁੰਦੀ ਹੈ।

ਕੱਪੜੇ ਧੋਣ ਵੇਲੇ ਕੀ ਨਹੀ ਕਰਨਾ ਚਾਹੀਦਾ ਹੈ : ਘਰ ਤੋਂ ਬਾਹਰ ਜਾਣ ਵਾਲੇ ਮੈਂਬਰਾਂ ਦੇ ਕੱਪੜੇ ਬਾਕੀ ਸਾਰੇ ਪਰਿਵਾਰਕ ਮੈਂਬਰਾਂ ਦੇ ਕੱਪੜਿਆਂ ਨਾਲ ਨਹੀਂ ਧੋਣੇ ਚਾਹੀਦੇ। ਇਹ ਕੱਪੜੇ ਬਜ਼ੁਰਗਾਂ ਅਤੇ ਬੱਚਿਆਂ ਦੇ ਕੱਪੜਿਆਂ ਨਾਲ ਧੋਣ ਤੋਂ ਪਰਹੇਜ ਕਰੋ। ਲਾਂਡਰੀ ਦੇ ਥੈਲੇ ਜਾਂ ਬਾਲਟੀ ਜਿਨ੍ਹਾਂ ਵਿੱਚ ਸੰਕਰਮਿਤ ਕੱਪੜੇ ਰੱਖੇ ਜਾਂਦੇ ਹਨ ਬਿਨਾ ਸਾਫ ਕੀਤੇ ਨਾ ਰੱਖੋ ਅਤੇ ਉਹਨਾ ਨੂੰ ਰੋਜ਼ਾਨਾ ਸਾਫ ਕਰੋ ਅਤੇ ਧੁੱਪ ਵਿੱਚ ਸੁਕਾਉ।

ਕੋਵਿਡ-19 ਮਹਾਮਾਂਰੀ ਦੇ ਦੋਰਾਨ ਨਵੇਂ ਕੱਪੜੇ ਖਰੀਦਣ ਬਾਰੇ ਗਾਹਕਾਂ ਲਈ ਸੁਝਾਅ : ਕੱਪੜੇ ਤਾਂ ਹੀ ਖਰੀਦੋ ਜੇ ਬਹੁਤ ਜ਼ਰੂਰੀ ਹਨ ਨਹੀਂ ਤਾਂ ਬਾਹਰ ਜਾਕੇ ਕੱਪੜੇ ਦੀਆਂ ਦੁਕਾਨਾਂ ਦੀਆਂ ਬਹੁਤ ਸਾਰੀਆਂ ਸਤਹਾਂ ਨੂੰ ਛੂਹ ਕੇ ਅਪਣੇ ਆਪ ਨੂੰ ਜੋਖਿਮ ਵਿੱਚ ਪਾਣਾ ਕੋਈ ਚੰਗਾ ਵਿਚਾਰ ਨਹੀਂ ਹੈ। ਸ਼ੋਅ ਰੂਮਾਂ ਵਿੱਚ ਕਿਸੇ ਕੱਪੜੇ ਨੂੰ ਪਹਿਨ ਕੇ ਨਾ ਦੇਖੋ। ਸਾਈਜ਼ ਨੂੰ ਦੇਖਣ ਲਈ ਪੁਰਾਣੇ ਕੱਪੜਿਆਂ ਦੇ ਟੈਗ ਦੀ ਵਰਤੋਂ ਕਰੋ ਜੋ ਤੁਹਾਨੂੰ ਚੰਗੀ ਤਰ੍ਹਾਂ ਫਿਟ ਹਨ। ਨਵੇ ਕੱਪੜਿਆਂ ਨੂੰ ਪਹਿਨਣ ਤੋਂ ਪਹਿਲਾਂ ਉਹਨਾਂ ਨੂੰ ਘੱਟੋ-ਘੱਟ 10 ਮਿੰਟ ਸਾਬਣ ਵਾਲੇ ਪਾਣੀ ਵਿੱਚ ਭਿਉ ਕੇ ਰੱਖੋ ਅਤੇ ਫਿਰ ਚੰਗੀ ਤਰ੍ਹਾਂ ਧੋ ਲਵੋ, ਉਸ ਤੋਂ ਬਾਅਦ ਹੀ ਵਰਤੋ।

ਸੰਪਰਕ: 94633-77737

Share this Article
Leave a comment