ਕੈਲਗਰੀ : ਕੈਨੇਡਾ ਦੇ ਸੂਬਾ ਅਲਬਰਟਾ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ 97 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 2 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਦੱਸ ਦਈਏ ਕਿ ਅਲਬਰਟਾ ਸੂਬੇ ‘ਚ ਹੁਣ ਤੱਕ ਕੋਰੋਨਾ ਦੇ ਕੁੱਲ 5670 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 94 ਲੋਕ ਕੋਰੋਨਾ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਜਦ ਕਿ 2534 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਨ੍ਹਾਂ ‘ਚੋ ਹਸਪਤਾਲ ‘ਚ 88 ਲੋਕ ਦਾਖਲ ਹਨ ਅਤੇ 19 ਵਿਅਕਤੀਆਂ ਨੂੰ ਆਈ.ਸੀ.ਯੂ. ‘ਚ ਦਾਖਲ ਕਰਵਾਇਆ ਗਿਆ ਹੈ।
ਕੈਨੇਡਾ ‘ਚ ਹੁਣ ਤੱਕ ਕੋਰੋਨਾ ਦੇ 56714 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ‘ਚੋਂ 3566 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਤੇ 23800 ਲੋਕ ਕੋਰੋਨਾ ‘ਤੇ ਜਿੱਤ ਹਾਸਲ ਕਰ ਚੁੱਕੇ ਹਨ।ਕੈਨੇਡਾ ਦਾ ਕਿਊਬਕ ਸੂਬਾ ਕੋੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਕਿਊਬਕ ਸੂਬੇ ‘ਚ ਕੋਰੋਨਾ ਦੇ ਸਭ ਤੋਂ ਵੱਧ 29656 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ‘ਚੋਂ 2136 ਲੋਕਾਂ ਦੀ ਮੌਤ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਫਰੇਮ ਵਰਕ ਅਤੇ ਬਿਜਨਸ ਖੋਲ੍ਹਣ ਸਬੰਧੀ ਦਿਸ਼ਾ ਨਿਰਦੇਸ਼ ਪੇਸ਼ ਕਰਨ ਤੋਂ ਬਾਅਦ ਐਲਾਨ ਕੀਤਾ ਗਿਆ ਹੈ ਕਿ ਕੁੱਝ ਬਿਜਨਸ ਅਦਾਰੇ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ 4 ਮਈ ਤੋਂ ਦੁਬਾਰਾ ਕੰਮ ਕਰ ਸਕਣਗੇ। ਇਸ ਵਿੱਚ ਆਟੋ ਡੀਲਰਸ਼ਿਪ, ਜ਼ਰੂਰੀ ਨਿਰਮਾਣ ਪ੍ਰੋਜੈਕਟ, ਸ਼ਿਪਿੰਗ, ਲੌਜਿਸਟਿਕਸ,ਬ੍ਰਾਡਬੈਂਡ, ਕਮਿਊਨੀਕੇਸ਼ਨ, ਸਵੈ-ਸੇਵਾ ਵਾਲੀਆਂ ਕਾਰ ਵਾਸ਼ ਸੇਵਾਵਾਂ ਗਾਰਡਨਿੰਗ, ਪੋਸਟ ਸੈਕੰਡਰੀ ਸਕੂਲ ਅਤੇ ਯੂਨੀਵਰਸਿਟੀਆਂ ਸ਼ਾਮਲ ਹੋਣਗੀਆਂ। ਗੋਲਫ ਕੋਰਸ ਅਤੇ ਮਰੀਨਾਂ ਨੂੰ ਤਿਆਰ ਰਹਿਣ ਅਤੇ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਆਖਿਆ ਗਿਆ ਹੈ। ਪਰ ਫਿਲਹਾਲ ਇਨ੍ਹਾਂ ਨੂੰ ਲੋਕਾਂ ਲਈ ਨਹੀਂ ਖੋਲ੍ਹਿਆ ਗਿਆ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਹੋਰ ਦੇਸ਼ਾਂ ਦੀ ਤਰਾਂ ਕੈਨੇਡਾ ਵਿਚ ਵੀ ਅਰਥ ਵਿਵਸਥਾ ਕਾਫੀ ਜਿਆਦਾ ਧੀਮੀ ਗਤੀ ਨਾਲ ਚੱਲ ਰਹੀ ਹੈ ਜਿਸ ਕਾਰਨ ਸਰਕਾਰ ਵੱਲੋਂ ਵਪਾਰਕ ਅਦਾਰੇ ਖੋਲਣ ਦੀ ਗੱਲ ਆਖੀ ਗਈ ਹੈ।