ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ। ਐਤਵਾਰ ਸਵੇਰੇ ਅਪਡੇਟ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ 54,735 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਹੁਣ ਦੇਸ਼ ਵਿੱਚ ਸੰਕਰਮਣ ਦੇ ਮਾਮਲੇ ਵਧ ਕੇ 17,50,723 ਹੋ ਗਏ ਹਨ, ਜਿਨ੍ਹਾਂ ਵਿੱਚੋਂ 5,67,730 ਲੋਕ ਇਲਾਜ ਅਧੀਨ ਹਨ।
ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ 853 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 37,364 ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਕੋਵਿਡ -19 ਦੇ 50,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ‘ਚ ਹੁਣ ਤੱਕ 11 ਲੱਖ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਭਾਰਤ ਸਰਕਾਰ ਦੁਆਰਾ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਅਤੇ ਮੌਤ ਦਾ ਅਨੁਪਾਤ 96.84: 3.16 ਫੀਸਦੀ ਹੈ। ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦੀ ਦਰ ਵਧ ਕੇ 65.44 ਫੀਸਦੀ ਹੋ ਗਈ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੁਆਰਾ ਜਾਰੀ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 1 ਅਗਸਤ ਤੱਕ ਕੁੱਲ 1,98,21,831 ਕੋਰੋਨਾ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿਚੋਂ 4,63,172 ਨਮੂਨਿਆਂ ਦਾ ਸ਼ਨੀਵਾਰ ਨੂੰ ਟੈਸਟ ਕੀਤਾ ਗਿਆ ਹੈ।