ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ ਕੋਰੋਨਾ ਮਹਾਮਾਰੀ ਘਾਤਕ ਰੂਪ ਧਾਰਨ ਕਰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜਧਾਨੀ ‘ਚ ਕੋਰੋਨਾ ਦੇ 2134 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 57 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਿਸ ਨਾਲ ਦਿੱਲੀ ‘ਚ ਕੋਰੋਨਾ ਦੇ ਕੁਲ ਸੰਕਰਮਿਤ ਮਾਮਲਿਆਂ ਦੀ ਗਿਣਤੀ 36 ਹਜ਼ਾਰ ਤੋਂ ਪਾਰ ਚਲੀ ਗਈ ਹੈ ਅਤੇ 1200 ਤੋੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। 13 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ।
ਦਿੱਲੀ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਚੱਲਦਿਆਂ ਕੇਜਰੀਵਾਲ ਸਰਕਾਰ ਨੇ ਅਗਲੇ ਇੱਕ ਹਫਤੇ ਦੇ ਅੰਦਰ-ਅੰਦਰ 20 ਹਜ਼ਾਰ ਨਵੇਂ ਬੈੱਡ ਤਿਆਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਬੈੱਡਾਂ ਦੀ ਵਿਵਸਥਾ ਲਈ ਹੋਟਲ, ਬੈਨਕਿਉਟ ਹਾਲ ਅਤੇ ਨਰਸਿੰਗ ਹੋਮ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਤਹਿਤ ਦਿੱਲੀ ਦੇ ਹੋਟਲਾਂ ਵਿਚ 4,000 ਨਵੇਂ ਬੈੱਡ ਤਿਆਰ ਕੀਤੇ ਜਾਣਗੇ।
ਦੂਜੇ ਪਾਸੇ ਦੇਸ਼ ਪੱਧਰ ‘ਤੇ ਵੀ ਕੋਰੋਨਾ ਸੰਕਰਮਿਤ ਮਰੀਜ਼ਾਂ ਦੇ ਅੰਕੜੇ ‘ਚ ਵੀ ਭਾਰੀ ਉਛਾਲ ਆਇਆ ਹੈ। ਸਿਹਤ ਮੰਤਰਾਲਾ ਦੇ ਐਤਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 11,929 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 311 ਮਰੀਜ਼ਾਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ। ਜਿਸ ਨਾਲ ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 3,20,900 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚੋਂ 1,49,300 ਮਾਮਲੇ ਅਜੇ ਸਰਗਰਮ ਹਨ, ਜਦੋਂ ਕਿ 1,62,352 ਮਰੀਜ਼ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ। ਦੇਸ਼ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 9000 ਤੋਂ ਪਾਰ ਚਲਾ ਗਿਆ ਹੈ।