ਨਿਊਜ਼ ਡੈਸਕ: ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਾਨਸਾ ਪੁਲਿਸ ਵੱਲੋਂ ਮੁਲਜ਼ਮ ਅਸ਼ਵਨੀ ਕੁਮਾਰ ਅਤੇ ਉਸ ਦੀ ਪਤਨੀ ਨੀਲਮ ਰਾਣੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨੂੰ 5 ਨਵੰਬਰ 2026 ਤੱਕ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ।
ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਦੀ ਤਫ਼ਤੀਸ਼ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੀਬੀਆਈ ਅਧਿਕਾਰੀਆਂ ਨੇ ਮਾਨਸਾ ਦੇ ਰੈਸਟ ਹਾਊਸ ਵਿਖੇ ਝੋਟਾ ਦੇ ਪਿਤਾ ਭੀਮ ਸਿੰਘ, ਮਾਤਾ ਅਮਰਜੀਤ ਕੌਰ ਅਤੇ ਪਤਨੀ ਮਨਪ੍ਰੀਤ ਕੌਰ ਨਾਲ ਕਰੀਬ ਇੱਕ ਘੰਟਾ ਲੰਮੀ ਪੁੱਛਗਿੱਛ ਕੀਤੀ ਅਤੇ ਅਹਿਮ ਜਾਣਕਾਰੀਆਂ ਇਕੱਤਰ ਕੀਤੀਆਂ। ਪੀੜਤ ਪਰਿਵਾਰ ਦੀ ਕੇਂਦਰੀ ਏਜੰਸੀ ਨਾਲ ਇਹ ਦੂਜੀ ਮੁਲਾਕਾਤ ਸੀ।ਇਸ ਦੇ ਨਾਲ ਹੀ ਸੀਬੀਆਈ ਟੀਮਾਂ ਵੱਲੋਂ ਮਾਮਲੇ ਦੇ ਮੁਲਜ਼ਮਾਂ ਦੇ ਟਿਕਾਣਿਆਂ ਦੀ ਵੀ ਬਾਰੀਕੀ ਨਾਲ ਘੋਖ ਕੀਤੀ ਜਾ ਰਹੀ ਹੈ। ਸਾਢੇ 5 ਘੰਟੇ ਦੀ ਲੰਮੀ ਪੜਤਾਲ ਅਤੇ ਤਲਾਸ਼ੀ ਮਗਰੋਂ ਸੀਬੀਆਈ ਦੀ ਇੱਕ ਟੀਮ ਮੁਲਜ਼ਮ ਵਿਪਿਨ ਕੁਮਾਰ ਦੇ ਘਰੋਂ ਰਵਾਨਾ ਹੋਈ, ਜਦਕਿ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਘਰ ‘ਤੇ ਕੇਂਦਰੀ ਏਜੰਸੀ ਦੀ ਟੀਮ ਵੱਲੋਂ ਜਾਂਚ ਮੁਹਿੰਮ ਜਾਰੀ ਰੱਖੀ ਗਈ।
ਝੋਟਾ ਦੇ ਕਤਲ ਨੂੰ ਅੱਜ 10 ਦਿਨ ਪੂਰੇ ਹੋ ਚੁੱਕੇ ਹਨ, ਪਰ ਹਾਲੇ ਤੱਕ ਨਾ ਤਾਂ ਉਨ੍ਹਾਂ ਦੀ ਦੇਹ ਦਾ ਪੋਸਟਮਾਰਟਮ ਹੋ ਸਕਿਆ ਹੈ ਅਤੇ ਨਾ ਹੀ ਅੰਤਿਮ ਸਸਕਾਰ ਕੀਤਾ ਗਿਆ ਹੈ। ਮ੍ਰਿਤਕ ਦੇਹ ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਹੋਈ ਹੈ। ਪੀੜਤ ਪਰਿਵਾਰ ਅਤੇ ਸੰਘਰਸ਼ ਕਮੇਟੀ ਆਪਣੀਆਂ 10 ਪ੍ਰਮੁੱਖ ਮੰਗਾਂ ‘ਤੇ ਡਟੇ ਹੋਏ ਹਨ।

