ਮੈਕਸੀਕੋ: ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਇੱਕ ਵੱਡਾ ਕਾਨੂੰਨੀ ਝਟਕਾ ਲੱਗਾ ਹੈ। ਨਿਊ ਮੈਕਸੀਕੋ ਦੀ ਇੱਕ ਜੂਰੀ ਨੇ ਕੰਪਨੀ ਨੂੰ ਉਪਭੋਗਤਾਵਾਂ ਨੂੰ ਗੁੰਮਰਾਹ ਕਰਨ ਅਤੇ ਆਪਣੇ ਪਲੇਟਫਾਰਮਾਂ ‘ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਰਗੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ੀ ਪਾਇਆ ਹੈ। ਅਦਾਲਤ ਨੇ ਮੇਟਾ (Meta) ‘ਤੇ 375 ਮਿਲੀਅਨ ਡਾਲਰ (ਲਗਭਗ 3,100 ਕਰੋੜ ਰੁਪਏ) ਦਾ ਭਾਰੀ ਜੁਰਮਾਨਾ ਲਗਾਇਆ ਹੈ।
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਬੈਂਚ ਨੇ ਮੇਟਾ ਨੂੰ ਉਸ ਦੇ ਪਲੇਟਫਾਰਮ ‘ਤੇ ਹੋਣ ਵਾਲੇ ਅਪਰਾਧਾਂ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ। ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਰਾਉਲ ਟੋਰੇਜ਼ ਨੇ ਇਸ ਨੂੰ ਇੱਕ ਇਤਿਹਾਸਕ ਜਿੱਤ ਦੱਸਦਿਆਂ ਕਿਹਾ, “ਇਹ ਉਨ੍ਹਾਂ ਸਾਰੇ ਬੱਚਿਆਂ ਅਤੇ ਪਰਿਵਾਰਾਂ ਦੀ ਜਿੱਤ ਹੈ ਜਿਨ੍ਹਾਂ ਨੇ ਮੇਟਾ ਵੱਲੋਂ ਬੱਚਿਆਂ ਦੀ ਸੁਰੱਖਿਆ ਦੀ ਬਜਾਏ ਮੁਨਾਫ਼ੇ ਨੂੰ ਚੁਣਨ ਦੀ ਕੀਮਤ ਚੁਕਾਈ ਹੈ।”
ਜਿਊਰੀ ਨੇ ਰਾਜ ਦੇ ਵਕੀਲਾਂ ਦਾ ਪੱਖ ਲੈਂਦੇ ਹੋਏ ਕਿਹਾ ਕਿ ਮੇਟਾ (ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ ਦੀ ਮਾਲਕ ਕੰਪਨੀ) ਸੁਰੱਖਿਆ ਨਾਲੋਂ ਮੁਨਾਫ਼ੇ ਨੂੰ ਤਰਜੀਹ ਦਿੰਦੀ ਹੈ। ਜਿਊਰੀ ਨੇ ਇਹ ਵੀ ਪਾਇਆ ਕਿ ਕੰਪਨੀ ਨੇ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਜਿਨਸੀ ਸ਼ੋਸ਼ਣ ਦੇ ਜੋਖਮਾਂ ਬਾਰੇ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕੀਤੀ ਅਤੇ ਅਨੁਚਿਤ ਵਪਾਰਕ ਅਭਿਆਸਾਂ ਦੀ ਵਰਤੋਂ ਕੀਤੀ। ਜਿਊਰੀ ਨੇ ਹਜ਼ਾਰਾਂ ਉਲੰਘਣਾਵਾਂ ਪਾਈਆਂ ਅਤੇ $375 ਮਿਲੀਅਨ, ਜਾਂ ਲਗਭਗ ₹3,100 ਕਰੋੜ ਦਾ ਜੁਰਮਾਨਾ ਲਗਾਇਆ
ਇਹ ਮੁਕੱਦਮਾ ਦਸੰਬਰ 2023 ਵਿੱਚ ‘ਦਿ ਗਾਰਡੀਅਨ’ ਦੀ ਇੱਕ ਖੋਜੀ ਰਿਪੋਰਟ ਤੋਂ ਬਾਅਦ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਬੱਚਿਆਂ ਦੀ ਤਸਕਰੀ ਲਈ ਇੱਕ ਤਰ੍ਹਾਂ ਨਾਲ ‘ਮਾਰਕੀਟਪਲੇਸ’ ਬਣ ਗਏ ਸਨ। ਮੇਟਾ ਦੇ ਅਧਿਕਾਰੀਆਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਉਤਪਾਦ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਪਰ ਉਨ੍ਹਾਂ ਨੇ ਆਪਣੇ ਹੀ ਕਰਮਚਾਰੀਆਂ ਅਤੇ ਸੁਰੱਖਿਆ ਮਾਹਿਰਾਂ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਹਾਲਾਂਕਿ ਮੇਟਾ ਨੇ ਅਦਾਲਤ ਦੇ ਫੈਸਲੇ ‘ਤੇ ਅਸਹਿਮਤੀ ਜਤਾਉਂਦੇ ਹੋਏ ਕਿਹਾ ਹੈ ਕਿ ਉਹ ਇਸ ਦੇ ਖ਼ਿਲਾਫ਼ ਅਪੀਲ ਕਰਨਗੇ। ਕੰਪਨੀ ਦੇ ਬੁਲਾਰੇ ਨੇ ਅਟਾਰਨੀ ਜਨਰਲ ‘ਤੇ ਦਸਤਾਵੇਜ਼ਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਉਹ ਕਿਸ਼ੋਰਾਂ ਦੀ ਸੁਰੱਖਿਆ ਲਈ ਵਚਨਬੱਧ ਹਨ।

