ਗੁਲਾਮਾਂ ਦਾ ਕੋਈ ਉਤਸਵ ਨਹੀਂ ਹੁੰਦਾ!

TeamGlobalPunjab
9 Min Read

– ਪ੍ਰਨੀਤ ਕੌਰ

“ਗੁਲਾਮਾਂ ਦਾ ਕੋਈ ਉਤਸਵ ਨਹੀਂ ਹੁੰਦਾ, ਉਹ ਸਾਸਕ ਵਰਗ ਦੁਆਰਾ ਥੋਪੇ ਗਏ ਤਿਉਹਾਰਾਂ ਨੂੰ ਹੀ ਬਿਨਾਂ ਸੋਚੇ ਸਮਝੇ ਮੂਰਖਾ ਦੀ ਤਰ੍ਹਾਂ ਮਨਾਉਂਦੇ ਹਨ।”(ਡਾ. ਬੀ. ਆਰ ਅੰਬੇਦਕਰ )

5 ਅਪ੍ਰੈਲ ਦੀ ਰਾਤ ਨੂੰ 9 ਵਜੇ ਭਾਰਤੀਆਂ ਨੇ ਡਾ. ਸਾਹਿਬ ਦੇ ਸਬਦਾਂ ਨੂੰ ਸਹੀ ਸਾਬਿਤ ਕਰ ਦਿੱਤਾ। 5 ਅਪ੍ਰੈਲ ਰਾਤ ਨੂੰ ਚਲਾਏ ਗਏ ਪਟਾਕੇ, ਅਸਤਬਾਜ਼ੀਆਂ ਨੇ ਸਾਨੂੰ ਇਹ ਦਸ ਦਿੱਤਾ ਕਿ ਕਿਵੇਂ ਅੰਗਰੇਜ਼ 200 ਸਾਲ ਭਾਰਤ ‘ਤੇ ਆਰਾਮ ਨਾਲ ਰਾਜ ਕਰ ਗਏ। ਅੱਜ ਵੀ ਭਾਰਤੀ ਲੋਕਾਂ ਦੀ ਮਾਨਸਿਕਤਾ ਉਹੀ ਹੈ, ਜੋ 200 ਸਾਲ ਪਹਿਲਾਂ ਸੀ। ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ। ਜਿਸ ਦੀ ਉਦਾਹਰਨ ਪਦਮਸ੍ਰੀ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਹਨ। ਭਾਈ ਨਿਰਮਲ ਸਿੰਘ ਜੀ ਮਹਾਨ ਰਾਗੀ, ਉਹ ਸਿੰਘ ਸਨ, ਜਿਨ੍ਹਾਂ ਦੇ ਲੋਕ ਅੱਗੇ ਪਿੱਛੇ ਘੁੰਮਦੇ ਸੀ ਕਿ ਸਾਡੇ ਘਰ ਚਰਨ ਪਾਓ, ਸਾਡੇ ਘਰ ਚਰਨ ਪਾਓ, ਸਾਡੀ ਗੱਲ ਸੁਣੋ, ਸਾਡੇ ਜੀਵਨ ਨੂੰ ਸੇਧ ਦਿਉ। ਪਰ ਜਦੋਂ ਉਨ੍ਹਾਂ ਦੇ ਸਰੀਰ ਦਾ ਅੰਤਿਮ ਸਸਕਾਰ ਕਰਨਾ ਸੀ ਤਾਂ ਵੇਰਕਾ ਪਿੰਡ ਵਾਲਿਆਂ ਨੇ ਮੜੀਆਂ ਨੂੰ ਹੀ ਜਿੰਦਰੇ ਮਾਰ ਦਿੱਤੇ। ਪਹਿਲਾਂ ਤਾਂ ਇਹੀ ਕਹਿੰਦੇ ਹੁੰਦੇ ਸੀ ਕਿ “ਭਲਾਂ ਮੜ੍ਹੀਆਂ ਨੂੰ ਵੀ ਕੋਈ ਜਿੰਦਰੇ ਲਾ ਸਕਦਾ ਹੈ”। ਪਰ ਵੇਰਕਾ ਪਿੰਡ ਵਾਲਿਆਂ ਨੇ ਮੜੀਆਂ ਨੂੰ ਜਿੰਦਰੇ ਲਗਾ ਕੇ ਇਹ ਰਿਕਾਰਡ ਵੀ ਤੋੜ ਦਿੱਤਾ। ਮੂਰਖੋ! ਇਹ ਦਸੋ ਕਿ, ਜੇਕਰ ਤੁਹਾਡਾ ਆਪਣੇ ਘਰ ਪਰਿਵਾਰ ਦਾ ਮੈਂਬਰ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਮਰ ਜਾਂਦਾ ਹੈ, ਤਾਂ ਕੀ ਤੁਸੀਂ ਲੋਕ ਉਸ ਦਾ ਸਸਕਾਰ ਮੜੀਆਂ ਦੀ ਬਜਾਏ ਘਰ ਕਰ ਲਵੋਗੇ? ਨਹੀਂ ਨਾ, ਜਾਉਗੇ ਤਾਂ ਆਖੀਰ ਨੂੰ ਮੜੀਆਂ ਵਿੱਚ ਹੀ। ਲੱਖ ਲਾਹਨਤਾਂ ਤੁਹਾਡੀ ਸੋਚ ਦੇ, ਅੱਜ ਵੀ ਤੁਸੀਂ ਲੋਕ ਅੰਧ-ਵਿਸ਼ਵਾਸ ਵਿੱਚ ਫਸੇ ਪਏ ਹੋ। ਅੱਜ ਮੋਦੀ ਜੀ ਨੇ ਫਿਰ ਇਹ ਸਾਫ਼ ਕਰ ਦਿੱਤਾ ਹੈ ਕਿ ਮੇਰੇ ਭਾਰਤੀ ਲੋਕਾਂ ਵਿੱਚ ਤਰਕਸ਼ੀਲ ਸੋਚ ਦੀ ਘਾਟ ਹੈ। ਉਹ ਪਿਛਲੱਗੀ ਨੇ, ਬਿਨਾਂ ਕੁੱਝ ਸੋਚੇ ਸਮਝੇ ਹਰ ਇਕ ਦੀ ਗੱਲ ਮੰਨ ਲੈਂਦੇ ਹਨ ਅਤੇ ਉਸ ਦੇ ਪਿਛੇ ਹੀ ਤੁਰ ਪੈਂਦੇ ਹਨ। ਹੋਰ ਤਾਂ ਹੋਰ ਚੰਗੇ ਪੜ੍ਹੇ ਲਿਖੇ ਲੋਕਾਂ ਵਿਚ (ਉਹ ਲੋਕ ਜੋ ਕਿ ਪੀ.ਐੱਚ.ਡੀ. ਸਕਾਲਰ ਤੇ ਨੌਕਰੀ ਪੇਸ਼ਾ ਲੋਕ ਨੇ) ਤਰਕਸ਼ੀਲ ਸੋਚ ਦੀ ਘਾਟ ਅਤੇ ਅੰਧ-ਵਿਸ਼ਵਾਸ/ ਅਨਪੜ੍ਹਤਾ ਨਜ਼ਰ ਆਉਂਦੀ ਹੈ। ਅੱਜ ਇਸ ਨਾਜ਼ੁਕ ਦੌਰ ਵਿੱਚ, ਜਦੋਂ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੋ ਰਹੀ। ਖਾਣ-ਪੀਣ ਦੀਆਂ ਵਸਤਾਂ ਦੀ ਕਮੀ ਰੜਕ ਰਹੀ ਹੈ, ਲੋਕਾਂ ਨੂੰ ਦਵਾਈਆਂ, ਜਰੂਰੀ ਵਸਤਾਂ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਡਾਕਟਰਾਂ ਅਤੇ ਨਰਸਾਂ ਨੂੰ ਜ਼ਰੂਰੀ ਇਲਾਜ ਲਈ ਟੈਸਟ ਕਿਟਾ, ਦਵਾਈਆਂ ਅਤੇ ਬਾਡੀ ਕਵਰ ਨਹੀਂ ਮਿਲ ਰਹੇ, ਉੱਥੇ ਮੋਦੀ ਜੀ ਨੇ ਲੋਕਾਂ ਨੂੰ ਅੰਧ-ਵਿਸ਼ਵਾਸੀ ਬਣਾ ਦਿੱਤਾ ਹੈ ਅਤੇ ਲੋਕਾਂ ਨੂੰ ਰਾਤ ਨੂੰ 9 ਵਜੇ 9 ਮਿੰਟ ਲਈ ਦੀਵੇ ਬਾਲਣ ਲਈ ਕਿਹਾ ਹੈ। ਮੋਦੀ ਜੀ ਦੀ ਗੱਲ ਮੰਨਦੇ ਹੋਏ ਲੋਕਾਂ ਨੇ ਦੀਵੇ ਜਗਾਉਣ ਵਾਸਤੇ ਰੇਹੜੀਆਂ ਉੱਤੇ ਦੀਵੇ ਵੇਚੇ। ਕਾਸ਼ ! ਇਨ੍ਹਾਂ ਦੀਵਿਆਂ ਦੀ ਥਾਂ ਰਸਦ-ਪਾਣੀ ਹੀ ਲੋਕਾਂ ਤੱਕ ਪਹੁੰਚਾਇਆ ਗਿਆ ਹੁੰਦਾ। ਅਸੀਂ ਆਜ਼ਾਦ ਭਾਰਤ ਵਿੱਚ ਵਿਚਰ ਰਹੇ ਹਾਂ, ਪਰ ਸਾਡੀ ਮਾਨਸਿਕਤਾ ਅਜੇ ਵੀ ਗੁਲਾਮ ਹੈ। ਅੱਜ ਵੀ ਸਾਡੇ ਸਮਾਜ ਵਿੱਚ ਲੋਕੀ ਆਪਣੇ ਫ਼ੈਸਲਿਆਂ ਨੂੰ ਦੂਜਿਆਂ ਉੱਪਰ ਥੋਪਦੇ ਹਨ। ਇਸੇ ਤਰ੍ਹਾਂ ਹੀ 5 ਅਪ੍ਰੈਲ ਨੂੰ ਵੀ ਕੀਤਾ ਗਿਆ। ਧੱਕੇ ਨਾਲ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਬੰਦ ਕਰਵਾਈਆਂ ਗਈਆਂ। ਲੋਕਾਂ ਨੂੰ ਧਮਕਾਇਆ ਗਿਆ। ਦੇਸ਼ ਵਾਸੀਆਂ ਨੇ ਆਤਸਬਾਜ਼ੀਆਂ,ਪਟਾਕੇ, ਥਾਲੀਆਂ, ਸੀਟੀਆਂ, ਡੀ.ਜੇ. ਵਜਾਏ। ਰਾਤ ਨੂੰ ਲੋਕਾਂ ਨੇ ਭੀੜ ਇਕੱਠੀ ਕਰ ਕੇ ਸੜਕਾਂ ਉੱਤੇ ਜਾਗੋ ਕੱਢੀ। ਮੈਨੂੰ ਆਪਣੇ ਆਪ ‘ਤੇ ਵੀ ਬਹੁਤ ਸ਼ਰਮਾ ਆ ਰਹੀ ਸੀ ਕਿ ਮੈਂ  ਵੀ ਪੰਜਾਬੀ ਹਾਂ, ਇਹ ਲੋਕ ਮੇਰੇ ਆਪਣੇ ਨੇ। ਇਹ ਸੋਚ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੇਰੇ ਦਿਲੋਂ ਇਹ ਆਵਾਜ਼ ਆਈ :-

“ਜਦੋਂ ਰੁੱਤਾਂ ਹੁਣ ਉਦਾਸ,

- Advertisement -

ਪੱਤਝੜ ਦੇ ਹੋਣ ਲਿਬਾਸ,

ਜਸ਼ਨ ਨੀ ਭਾਲੀਦੇ ।

ਸਿਵਿਆਂ ਦੇ ਬਲਦਿਆਂਕਦੇ ਦੀਵੇ ਨੀ ਬਾਲੀ ਦੇ।”

           ਦੋਸਤੋ ਜਦੋਂ ਸਿਵੇ ਬਲਦੇ ਹੋਣ ਤਾਂ ਅਸੀਂ ਆਪਣੇ ਘਰਾਂ ਵਿੱਚ ਦੀਵੇ ਨਹੀਂ ਜਗਾ ਸਕਦੇ। ਜਦੋਂ ਸਾਡੇ ਆਪਣੇ ਘਰ-ਪਰਿਵਾਰ ਜਾਂ ਗੁਆਂਢ ਵਿੱਚ ਕੋਈ ਮਰ ਜਾਂਦਾ ਹੈ ਤਾਂ ਸਾਰੇ ਪਿੰਡ ਵਿੱਚ ਰੋਟੀ ਨੀ ਪੱਕਦੀ। ਪਰ ਹੁਣ ਜਦੋਂ ਕੁੱਲ ਦੁਨੀਆਂ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰ ਵਿਛੜ ਰਹੇ ਨੇ, ਡਾਕਟਰ ਕਰੋਪੀ ਨਾਲ ਲੜਦੇ ਸ਼ਹੀਦ ਹੋ ਰਹੇ ਹਨ। ਮੇਰੇ ਲਈ ਇਹ ਸੋਗ ਦਾ ਸਮਾਂ ਹੈ ਅਤੇ ਮੈਂ ਇਸ ਦੁੱਖਦਾਈ ਘੜੀ ਵਿੱਚ ਆਪਣੇ ਭੈਣ ਭਰਾਵਾਂ ਨਾਲ ਉਹਨਾਂ ਦੇ ਦੁੱਖਾਂ ਵਿੱਚ ਸਰੀਕ ਹਾਂ। ਡਾਕਟਰ, ਸਕਿਉਰਿਟੀ ਸਟਾਫ ਅਤੇ ਹੋਰ ਅਮਲੇ ਦੀਆਂ ਤਸਵੀਰਾਂ ਝੰਜੋੜ ਰਹੀਆਂ ਨੇ, ਉਨ੍ਹਾਂ ਨੂੰ ਬਿਨਾਂ ਸੁਰੱਖਿਆ ਦੇ ਕੰਮ ਲਾਇਆ ਜਾ ਰਿਹਾ ਹੈ। ਉਹਨਾਂ ਨੂੰ ਸਹੀ ਢੰਗ ਦੀਆਂ ਟੈਸਟ ਕਿਟਾਂ ਅਤੇ ਸਰੀਰ ਢੱਕਣ ਵਾਲੇ ਬਾਡੀ ਕਵਰ ਤੱਕ ਨਹੀਂ ਮਿਲ ਰਹੇ। ਹਰ ਰੋਜ਼ ਕਿੰਨੇ-ਕਿੰਨੇ ਲੋਕ ਮਰ ਰਹੇ ਨੇ। ਹਾਲ ਦੇਖ ਕੇ ਲੂ-ਕੰਡੇ ਖੜ੍ਹੇ ਹੋ ਜਾਂਦੇ ਹਨ। ਇਹ ਨਾਜ਼ੁਕ ਸਮਾਂ ਆਪਣੇ ਭੈਣ ਭਰਾਵਾਂ ਨਾਲ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਖੜ੍ਹਨ ਦਾ ਹੈ ਨਾ ਕਿ ਜਸ਼ਨ ਮਨਾਉਣ ਦਾ ਹੈ। ਅੱਜ ਸਾਰਾ ਸੰਸਾਰ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਲਪੇਟ ਵਿੱਚ ਹੈ। ਅੱਜ ਇਹ ਸਮਾਂ ਫ਼ਿਕਰ ਦਾ ਹੈ ਨਾ ਕੀ ਸ਼ੋਸ਼ੇਬਾਜ਼ੀਆਂ ਕਰਨ ਦਾ। ਅਸੀਂ ਪੰਜਾਬੀ ਲੋਕ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਹਾਂ। ਸਾਨੂੰ ਸਾਡੇ ਗੁਰੂ ਨੇ ਦੂਜਿਆਂ ਦੇ ਦੁੱਖ ਵੰਡਾਉਣਾ ਸਿਖਾਇਆ, ਨਾ ਕਿ ਉਨ੍ਹਾਂ ਦੇ ਦੁੱਖ ਵਿੱਚ ਖ਼ੁਸ਼ ਹੋਣਾ। ਅਸੀਂ ਸਦਾ ਹੀ ਦੂਜਿਆਂ ਦੇ ਦੁੱਖ ਵੰਡਾਉਂਦੇ ਤੇ ਦੂਜਿਆਂ ਲਈ ਕੁਰਬਾਨੀਆਂ ਦਿੰਦੇ ਆਏ ਹਾਂ। ਫਿਰ ਹੁਣ ਕਿਉਂ ਬਲਦੇ ਸਿਵਿਆਂ ਦਾ ਦੀਵੇ ਬਾਲ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ। ਸ਼ਰਮ ਕਰੋ!  ਤੁਹਾਨੂੰ ਗੁਰੂ ਜੀ ਨੇ ਕਦੇ ਮੁਆਫ ਨਹੀਂ ਕਰਨਾ। ਜੇ ਤੁਸੀਂ ਲੋਕ ਕੁਝ ਕਰਨਾ ਹੀ ਚਾਹੁੰਦੇ ਸੀ, ਤਾਂ ਨੌਂ ਮਿੰਟ ਆਪਣੇ-ਆਪਣੇ ਰੱਬ ਦੇ ਨਾਮ ਦਾ ਹੀ ਜਾਪ ਕਰ ਲੈਂਦੇ। ਜੇਕਰ 1.3 ਅਰਬ ਭਾਰਤੀ ਇਕੱਠੇ ਹੋ ਕੇ ਅਰਦਾਸ ਕਰਦੇ, ਤਾਂ ਪ੍ਰਮਾਤਮਾ ਨੇ ਕੋਰੋਨੇ ਨੂੰ ਜ਼ਰੂਰ ਖਤਮ ਕਰ ਦੇਣਾ ਸੀ। ਪਰ ਅਫ਼ਸੋਸ! ਤੁਸੀਂ ਲੋਕਾਂ ਨੇ ਤਾਂ ਇਨਸਾਨੀਅਤ ਦਾ ਹੀ ਘਾਣ ਕਰ ਦਿੱਤਾ। ਮਰ ਗਈਆਂ ਤੁਹਾਡੀਆਂ ਜ਼ਮੀਰਾਂ! ਤੁਸੀਂ ਲੋਕਾਂ ਨੇ ਦੁੱਖ ਵਿੱਚ ਰੱਬ ਅੱਗੇ ਅਰਜੋਈ ਕਰਨ ਦੀ ਥਾਂ, ਆਤਿਸ਼ਬਾਜ਼ੀਆਂ, ਥਾਲੀਆਂ, ਸੀਟੀਆਂ, ਡੀਜੇ ਆਦਿ ਵਜਾਕੇ ਸੜਕਾਂ ‘ਤੇ ਜਾਗੋ ਕੱਢੀ। ਪਰ ਦੇਖੇ ਰੱਬ ਦੇ ਰੰਗ ਜਦੋਂ ਤੁਸੀਂ ਲੋਕਾਂ ਨੇ ਮੋਮਬੱਤੀਆਂ ਜਗਾਈਆਂ ਤਾਂ ਉਸ ਹੀ ਟਾਈਮ ਮੀਂਹ ਆ ਗਿਆ। ਰੱਬ ਜੀ ਕਹਿੰਦੇ, ਬਈ ਥੋਨੂੰ ਤਾਂ ਸ਼ਰਮ ਨੀ ਪਰ ਰੱਬ ਨੂੰ ਆਈ ਉਸ ਨੇ ਹੀ ਇਹ ਦੀਵੇ ਮੀਂਹ ਨਾਲ ਬੁਝਾ ਦਿੱਤੇ। ਪਰ ਤੁਸੀਂ ਲੋਕ ਫਿਰ ਵੀ ਨਹੀਂ ਸਮਝੇ ਸਨ।

॥ਪਉੜੀ ॥

- Advertisement -

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥

ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥

ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥

ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥

ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥

ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥

ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥

ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥

(ਪੰਨਾ 1096)

             ਦੇਖੋ ਉਸ ਕੁਦਰਤ ਦੇ ਰੰਗ ਨੂੰ ਉਹ ਕੀ ਸਮਝਾਉਣ ਚਾਹ ਰਿਹਾ ਹੈ, ਤੁਹਾਨੂੰ। ਉਸ ਦੀ ਰਜ਼ਾ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਝੂਲਦਾ। ਪਤਾ ਨਹੀਂ ਉਸ ਨੇ ਕਦੋਂ ਸਾਡੀ ਜ਼ਿੰਦਗੀ ਦੇ ਦੀਪ ਨੂੰ ਵੀ ਬੁਝਾ ਦੇਣਾ? ਸੋ ਅਜੇ ਵੀ ਸਿਆਣੇ ਬਣ ਜਾਉੁ।

          “ਜ਼ਿੰਦਗੀ ‘ਚ ਮਿਲਦੇ ਹਰ ਇੱਕ ਇਨਸਾਨ ਦਾ, ਸਿਰਫ ਦੋ ਹੀ ਕੰਮ ਚ ਅਸਲ ਯੋਗਦਾਨ ਹੁੰਦਾ ਹੈ, ਜਾ ਤਾਂ ਤਾਰਨ ਵਿੱਚ, ਜਾਂ ਫਿਰ ਡੋਬਣ ਵਿੱਚ।” ਇਸ ਲਈ ਸਿਆਣਪ ਤੋਂ ਕੰਮ ਲਓ, ਅਤੇ ਆਪਣੀ ਅਕਲ ਅਨੁਸਾਰ ਸੋਚ ਸਮਝ ਕੇ ਹੀ ਹਰ ਕੰਮ ਕਰੋ। ਮੈਂ ਅਕਸਰ ਦੇਖਦੀ ਹਾਂ ਕਿ, ਤੁਸੀਂ ਲੋਕ ਜਦੋਂ ਵੀ ਕੋਈ ਇੱਕ ਮੈਸੇਜ ਆਉਂਦਾ, ਉਸ ਨੂੰ ਅੱਗੇ ਦੀ ਅੱਗੇ ਫਾਰਵਰਡ ਕਰ ਦਿੰਦੇ ਹੋ, ਕੋਈ ਵੀਡੀਓ ਆਉਂਦੀ ਹੈ ਉਸ ਨੂੰ ਫਟਾ ਫਟ ਅੱਗੇ ਤੋਂ ਅੱਗੇ ਭੇਜ ਦਿੰਦੇ ਹੋ। ਕੀ ਕਦੀ ਉਸ ਨੂੰ ਤਰਕ ਨਾਲ ਦੇਖਿਆ ਕਿ ਉਸਦੇ ਪਿੱਛੇ ਕੀ ਕਾਰਣ ਹੈ? ਉਹ ਕਿੱਥੋਂ ਆਈ ? ਕਿਉਂ ਆਈ? ਕਿਉਂ ਨਹੀਂ ਤੁਸੀਂ ਲੋਕ ਅਕਲ ਤੋਂ ਕੰਮ ਲੈਂਦੇ? ਅਜੇ ਵੀ ਸੁਧਰ ਜੋ ਆਪਣੀ ਕੀਤੀ ਗਲਤੀ ਨੂੰ ਬਖਸ਼ਾਉਂਦੇ ਹੋਏ ਪਰਮਾਤਮਾ ਅੱਗੇ ਅਰਦਾਸ ਕਰੋ, ਕਿ ਹੇ ਵਾਹਿਗੁਰੂ! ਸਾਨੂੰ ਇਸ ਕਰੋਨਾ ਵਾਇਰਸ ਤੋਂ ਛੁਟਕਾਰਾ ਦਿਵਾਓ ਤੇ ਇਸ ਸੰਸਾਰ ਨੂੰ ਸ਼ਾਂਤੀ ਬਖਸ਼ੋ।

Share this Article
Leave a comment