ਪਾਕਿਸਾਤਾਨ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ ਤੋੜ 5387 ਨਵੇਂ ਮਾਮਲੇ, WHO ਦੇ ਪ੍ਰਸਤਾਵ ਨੂੰ ਵੀ ਠੁਕਰਾਇਆ

TeamGlobalPunjab
2 Min Read

ਇਸਲਾਮਾਬਾਦ : ਗੁਆਂਢੀ ਮੁਲਕ ਪਾਕਿਸਤਾਨ ‘ਚ ਕੋਰੋਨਾ ਮਹਾਮਾਰੀ ਘਾਤਕ ਰੂਪ ਧਾਰਨ ਕਰਦੀ ਜਾ ਰਹੀ ਹੈ। ਪਾਕਿਸਤਾਨ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਰਿਕਾਰਡ ਤੋੜ 5387 ਮਾਮਲੇ ਸਾਹਮਣੇ ਆਏ ਹਨ ਅਤੇ 83 ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਬੀਤੇ ਦਿਨੀਂ ਪਾਕਿਸਤਾਨ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਕਾਬੂ ਪਾਉਣ ਲਈ ਮੁਲਕ ‘ਚ ‘ਰੁੱਕ-ਰੁੱਕ ਕੇ ਤਾਲਾਬੰਦੀ’ ਭਾਵ ਪੜਾਵਾਂ ‘ਚ ਲਗਾਉਣ ਲਈ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਸੀ। ਡਬਲਯੂਐਚਓ ਨੇ ਇੱਕ ਅਸਾਧਾਰਨ ਕਦਮ ਉਠਾਉਂਦੇ ਹੋਏ ਪਾਕਿਸਤਾਨ ‘ਚ ਦੁਬਾਰਾ ਤਾਲਾਬਦੀ ਲਾਗੂ ਕਰਨ ਲਈ ਕਿਹਾ ਹੈ। WHO ਨੇ ਕਿਹਾ ਹੈ ਕਿ ਪਾਕਿਸਤਾਨ ਦੋ ਹਫਤਿਆਂ ਦੇ ਅੰਤਰਾਲ ‘ਤੇ ਦੋ ਹਫ਼ਤਿਆਂ ਲਈ ਪਾਬੰਦੀਆਂ ਲਗਾਵੇ ਯਾਨੀ ਕਿ ਪਾਕਿਸਤਾਨ ਵਿਚ ਕਈ ਵਾਰ ਤਾਲਾਬੰਦੀ ਲਾਗੂ ਕਰਨ ਦੀ ਜ਼ਰੂਰਤ ਹੋਏਗੀ। ਪਰ ਪਾਕਿਸਤਾਨੀ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਦੇ ਇਸ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਤਾਲਾਬੰਦੀ ਦਾ ਵਿਰੋਧ ਕਰਦੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਗਰੀਬ ਦੇਸ਼ਾਂ ‘ਤੇ ਤਾਲਾਬੰਦੀ ਦਾ ਬਹੁਤ ਜ਼ਿਆਦਾ ਅਸਰ ਪਵੇਗਾ ਅਤੇ ਗਰੀਬਾਂ ਨੂੰ ਇਸ ਨਾਲ ਸਭ ਤੋਂ ਵੱਧ ਨੁਕਸਾਨ ਹੋਵੇਗਾ। ਇਸ ਲਈ ਉਨ੍ਹਾਂ ਨੇ ਤਾਲਾਬੰਦੀ ਤੋਂ ਬਾਅਦ ਭਾਰਤ ‘ਚ ਪੈਦਾ ਹੋਈ ਸਥਿਤੀ ਦੀ ਉਦਾਹਰਨ ਵੀ ਦਿੱਤੀ ਸੀ।

ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 5387 ਮਾਮਲੇ ਸਾਹਮਣੇ ਆਏ ਹਨ ਅਤੇ 83 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਜਿਸ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 2,255 ਹੋ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਦੇਸ਼ ‘ਚ ਕੋਰੋਨਾ ਦੇ 1 ਲੱਖ 13 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦੋਂ ਕਿ 36 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਪਾਕਿਸਤਾਨ ਦੇ ਪੰਜਾਬ ਪ੍ਰਾਂਤ ‘ਚ 43,460, ਸਿੰਧ ਪ੍ਰਾਂਤ ‘ਚ 41,303, ਖੈਬਰ-ਪਖਤੂਨਖਵਾ ‘ਚ 14,527, ਗਿਲਗਿਤ-ਬਾਲਟਿਸਤਾਨ ‘ਚ 974, ਬਲੋਚਿਸਤਾਨ ‘ਚ 7,031, ਇਸਲਾਮਾਬਾਦ ‘ਚ 5,963,  ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 444 ਮਾਮਲੇ ਸਾਹਮਣੇ ਆਏ ਹਨ।

- Advertisement -

Share this Article
Leave a comment