ਮੁਹਾਲੀ : ਮੋਹਾਲੀ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜ਼ਿਲ੍ਹੇ ‘ਚ ਅੱਜ ਤੜਕਸਾਰ ਕੋਰੋਨਾ ਦੇ 7 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 167 ਹੋ ਗਈ ਹੈ। ਮੋਹਾਲੀ ‘ਚ ਅਜੇ ਵੀ 47 ਮਾਮਲੇ ਐਕਟਿਵ ਹਨ।
ਮਿਲੀ ਜਾਣਕਾਰੀ ਅਨੁਸਾਰ ਅੱਜ ਮਿਲੇ 7 ਨਵੇਂ ਮਾਮਲਿਆਂ ‘ਚ ਡੇਰਾਬੱਸੀ ਦਾ 21 ਅਤੇ 23 ਸਾਲਾਂ ਨੌਜਵਾਨ, ਨਵਾਂਗਾਓ ਦਾ 37 ਸਾਲਾ ਅਤੇ ਮੁਬਾਰਕਪੁਰ ਦਾ 57 ਸਾਲਾ ਵਿਅਕਤੀ, ਡੇਰਾਬੱਸੀ ਦਾ 30 ਸਾਲਾ ਵਿਅਕਤੀ ਅਤੇ ਲਾਲੜੂ ਦਾ 32 ਸਾਲਾ ਵਿਅਕਤੀ ਅਤੇ ਇੱਕ 28 ਸਾਲਾਂ ਦੀ ਕੁੜੀ ਸ਼ਾਮਲ ਹੈ। ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਮਿਲੇ ਨਵੇਂ ਕੋਰੋਨਾ ਮਰੀਜ਼ ਪਹਿਲਾਂ ਤੋਂ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ‘ਚ ਸਨ। ਉਨ੍ਹਾਂ ਦੱਸਿਆ ਕਿ ਉਕਤ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ, ਬਨੂੜ ਵਿਖੇ ਦਾਖਲ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਸੂਬੇ ‘ਚ ਕੋਰੋਨਾ ਨੇ ਇੱਕ ਵਾਰ ਫਿਰ ਤੋਂ ਰਫਤਾਰ ਫੜ੍ਹ ਲਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸੂਬੇ ‘ਚ ਹੁਣ ਤੱਕ ਕੋਰੋਨਾ ਦੇ 2986 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 63 ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚੋਂ 2282 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਕੋਰੋਨਾ ‘ਤੇ ਕਾਬੂ ਪਾਉਣ ਲਈ ਹਫਤੇ ਦੇ ਆਖਰੀ ਦਿਨ ਸ਼ਨੀਵਾਰ ਅਤੇ ਐਤਵਾਰ ਅਤੇ ਛੁੱਟੀ ਵਾਲੇ ਦਿਨ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ।