ਕਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਉਪਰ ਮਰੀਜ਼ਾਂ ਅਤੇ ਮੌਤਾਂ ਦੇ ਅੰਕੜਿਆਂ ਨੂੰ ਸਹੀ ਨਾ ਦੱਸਣ ਦੇ ਦੋਸ਼ ਲਗਦੇ ਆ ਰਹੇ ਹਨ। ਸਰਕਾਰੀ ਅਤੇ ਗੈਰ-ਸਰਕਾਰੀ ਅੰਕੜਿਆਂ ਵਿੱਚ ਵੱਡਾ ਫਰਕ ਦੱਸਿਆ ਜਾਂਦਾ ਹੈ।
ਇਸ ਮਾਮਲੇ ਵਿੱਚ ਵਿਰੋਧੀ ਧਿਰਾਂ ਸੱਤਾਧਾਰੀਆਂ ਉਪਰ ਕਈ ਤਰ੍ਹਾਂ ਦੇ ਦੋਸ਼ ਮੜ੍ਹ ਰਹੀਆਂ ਹਨ। ਇਸ ਤਰ੍ਹਾਂ ਖਬਰਾਂ ਸੁਣ/ਪੜ੍ਹ ਕੇ ਆਮ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਪੈਦਾ ਹੋ ਰਹੇ ਹਨ।
ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ (ਸ਼ੁੱਕਰਵਾਰ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਉਪਰ ਨਜ਼ਲਾ ਝਾੜਦਿਆਂ ਕਿਹਾ ਕਿ ਇਹ ਸਰਕਾਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਅੰਕੜੇ ਗਲਤ ਦਸੇ ਜਾ ਰਹੇ ਹਨ। ਮੋਦੀ ਸਰਕਾਰ ਨੂੰ ਬਹੁਤ ਵਾਰ ਮਹਾਂਮਾਰੀ ਬਾਰੇ ਸੁਚੇਤ ਕੀਤਾ ਗਿਆ ਪਰ ਇਸ ਨੂੰ ਸੰਜੀਦਗੀ ਨਾਲ ਲੈਣ ਦੀ ਬਜਾਇ ਇਸ ਨੂੰ ਮਜ਼ਾਕ ਵਿੱਚ ਟਾਲਿਆ ਗਿਆ। ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਕੋਰੋਨਾ ਨੂੰ ਹਰਾ ਦੇਣਗੇ।
ਕੇਂਦਰ ਸਰਕਾਰ ਨੂੰ ਇਹ ਇਲਮ ਹੋਣਾ ਚਾਹੀਦਾ ਕਿ ਵਾਇਰਸ ਨੂੰ ਜਿੰਨੀ ਥਾਂ ਮਿਲੇਗੀ ਉਤਨਾ ਹੀ ਘਾਤਕ ਸਾਬਿਤ ਹੋਵੇਗਾ। ਮੁਢਲੀ ਗੱਲ ਇਹ ਹੈ ਕਿ ਇਸ ਵਾਇਰਸ ਨੇ ਭੋਜਨ ਵਿਹੂਣੇ ਅਤੇ ਕਮਜ਼ੋਰ ਲੋਕਾਂ ਨੂੰ ਆਪਣੀ ਗ੍ਰਿਫਤ ਵਿਚ ਲੈਣਾ ਹੈ। ਲੌਕਡਾਊਨ ਨਾਲ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣੇ ਕਰਨਾ ਪੈਂਦਾ ਹੈ। ਇਸ ਮਹਾਮਾਰੀ ਦਾ ਮਾਸਕ ਪਹਿਨਣਾ ਪੱਕਾ ਹੱਲ ਨਹੀਂ ਸਗੋਂ ਟੀਕਾ (ਵੈਕਸੀਨ) ਜ਼ਰੂਰੀ ਹੈ। ਅਗਰ ਵੈਕਸੀਨ ਨਾ ਮਿਲੀ ਤਾਂ ਇਹ ਬਿਮਾਰੀ ਹੋਰ ਕਾਬੂ ਤੋਂ ਬਾਹਰ ਹੋ ਜਾਵੇਗੀ।
ਪੱਤਰਕਾਰਾਂ ਨੇ ਜਦੋਂ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਜੇ ਸਰਕਾਰ ਦੇ ਅੰਕੜੇ ਗਲਤ ਹਨ ਤਾਂ ਕੀ ਕਾਂਗਰਸ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਦੇ ਅੰਕੜੇ ਵੀ ਗਲਤ ਹਨ? ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਮੁੱਖ ਮੰਤਰੀਆਂ ਨਾਲ ਨਿੱਜੀ ਤੌਰ ‘ਤੇ ਗੱਲ ਕਰਕੇ ਉਨ੍ਹਾਂ ਨੂੰ ਕਿਹਾ ਕਿ ਗਲਤ ਅੰਕੜੇ ਦਰਸਾਉਣ ਨਾਲ ਨੁਕਸਾਨ ਹੋਵੇਗਾ। ਸੱਚਾਈ ਸਾਹਮਣੇ ਲਿਆਓ। ਸੱਚਾਈ ਤੋਂ ਬਿਨਾਂ ਕੋਰੋਨਾ ਨਾਲ ਲੜਾਈ ਨਹੀਂ ਲੜੀ ਜਾ ਸਕਦੀ। ਉਨ੍ਹਾਂ ਮੁੜ ਦੁਹਰਾਇਆ ਕਿ ਕੇਂਦਰ ਸਰਕਾਰ ਦੇ ਅੰਕੜੇ ਸੌ ਪ੍ਰਤੀਸ਼ਤ ਝੂਠੇ ਹਨ।
ਇਸ ਦੇ ਪ੍ਰਤੀਕਰਮ ਵਿੱਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਰਾਹੁਲ ਗਾਂਧੀ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਵਿੱਚ ਪ੍ਰਧਾਨ ਮੰਤਰੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਦਸੰਬਰ ਤੱਕ ਕੋਰੋਨਾ ਟੀਕਾਕਰਨ ਪੂਰਾ ਕਰ ਲਿਆ ਜਾਵੇਗਾ।
ਕੇਂਦਰੀ ਸਿਹਤ ਮੰਤਰਾਲੇ ਨੇ ਉਸ ਸਮੇਂ ਤੱਕ 216 ਕਰੋੜ ਵੈਕਸੀਨੇਸ਼ਨ ਦੀਆਂ ਖੁਰਾਕਾਂ ਦੇ ਉਤਪਾਦਨ ਬਾਰੇ ਖਾਕਾ ਪੇਸ਼ ਕਰ ਦਿੱਤਾ ਹੈ। ਇਸ ਸਾਲ ਦਸੰਬਰ ਤੱਕ ਦੇਸ਼ ਵਿੱਚ 216 ਕਰੋੜ ਨਵੇਂ ਟੀਕੇ ਆਉਣਗੇ ਅਤੇ 108 ਕਰੋੜ ਤੋਂ ਵੱਧ ਲੋਕਾਂ ਨੂੰ ਲੱਗਣਗੇ।
ਇਸ ਸਮੇਂ ਸਿਆਸਤ ਭਾਵੇਂ ਕੁਝ ਵੀ ਹੋਵੇ ਪਰ ਸਭ ਦੇ ਸਾਹਮਣੇ ਹੈ ਕਿ ਕੇਂਦਰ ਸਰਕਾਰ ਨੇ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਮੁਢਲੇ ਦੌਰ ਵਿੱਚ ਉਹ ਸੰਜੀਦਗੀ ਨਹੀਂ ਦਿਖਾਈ ਜੋ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ।
ਪੰਜ ਰਾਜਾਂ ਵਿੱਚ ਚੋਣਾਂ ਕਰਵਾਉਣੀਆਂ, ਕੁੰਭ ਲਈ ਖੁੱਲ੍ਹ ਦੇਣ ਵਰਗੀਆਂ ਕੁਤਾਹੀਆਂ ਮੌਤਾਂ ਅਤੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧੇ ਦਾ ਕਾਰਨ ਤਾਂ ਬਣੀਆਂ ਹੀ ਹੋਣਗੀਆਂ। ਇਸ ਸਾਰੇ ਦਾ ਦੁੱਖ ਤਾਂ ਉਸ ਨੂੰ ਹੀ ਪਤਾ ਜਿਹੜੇ ਘਰਾਂ ਦੇ ਜੀਅ ਇਸ ਜਹਾਨੋਂ ਤੁਰ ਗਏ ਹਨ। ਜਿਸ ਘਰ ਦਾ ਰੋਟੀ ਕਮਾਉਣ ਵਾਲਾ ਹੀ ਚਲਾ ਗਿਆ ਤੇ ਘਰ ਦਾ ਚੁੱਲ੍ਹਾ ਠੰਢਾ ਹੋ ਗਿਆ ਉਸ ਘਰ ਦੇ ਜੀਆਂ ਨੇ ਕੀ ਲੈਣਾ ਅੰਕੜੇ ਝੂਠੇ ਹਨ ਕਿ ਸੱਚੇ!
-ਅਵਤਾਰ ਸਿੰਘ