ਨਵਾਸਹਿਰ : ਇਕ ਪਾਸੇ ਜਿਥੇ ਅੱਜ ਫਿਰ ਕੋਰੋਨਾ ਵਾਇਰਸ ਕਾਰਨ ਇਕ ਵਿਅਕਤੀ ਨੇ ਦਮ ਤੋੜ ਦਿੱਤਾ ਹੈ ਉਥੇ ਨਵਾਂ ਸ਼ਹਿਰ ਤੋਂ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ । ਜੀ ਹੈ ਅੱਜ ਇਥੋਂ ਕੋਰੋਨਾ ਦੇ 8 ਮਰੀਜ਼ ਆਪ ਇਲਾਜ਼ ਕਰਵਾ ਕੇ ਘਰ ਪਰਤ ਗਏ ਹਨ । ਇਨ੍ਹਾਂ ਨੂੰ ਜਿਲ੍ਹਾ ਹਸਪਤਾਲ ਤੋਂ ਐਮਬੂਲੈਂਸ ਰਾਹੀਂ ਘਰ ਤਕ ਪਹੁੰਚਾਇਆ ਗਿਆ ਹੈ । ਇਸ ਮੌਕੇ ਪ੍ਰਸਾਸ਼ਨ ਵਲੋਂ ਉਨ੍ਹਾਂ ਨੂੰ ਫਲਾਂ ਦੀਆਂ ਟੋਕਰੀਆਂ ਵੀ ਭੇਂਟ ਕੀਤੀਆਂ ਗਈਆਂ।
ਦੱਸ ਦੇਈਏ ਕਿ ਜੋ ਮਰੀਜ਼ ਠੀਕ ਹੋਏ ਹਨ ਉਨ੍ਹਾਂ ਵਿਚ ਫਤਿਹ ਸਿੰਘ (35), ਕਿਰਨਪ੍ਰੀਤ ਕੌਰ (12), ਦਲਜਿੰਦਰ ਸਿੰਘ (60), ਗੁਰਬਚਨ ਸਿੰਘ (78), ਹਰਪ੍ਰੀਤ ਕੌਰ (18), ਗੁਰਲੀਨ ਕੌਰ (8), ਇੰਦਰਜੀਤ ਸਿੰਘ (10), ਮਨਿੰਦਰ ਸਿੰਘ (6) ਦਾ ਨਾਮ ਸ਼ਾਮਲ ਹੈ । ਇਸ ਸੰਬੰਧੀ ਜਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਹਰਿੰਦਰ ਸਿੰਘ ਨੇ ਵੀ ਪੁਸ਼ਟੀ ਕੀਤੀ ਹੈ । ਉਨ੍ਹਾਂ ਕਿਹਾ ਕਿ ਅੱਜ ਇਥੋਂ 8 ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ । ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜੋ ਮਰੀਜ਼ ਅਜੇ ਦਾਖਲ ਹਨ ਉਹ ਵੀ ਜਲਦ ਹੀ ਠੀਕ ਹੋ ਜਾਣਗੇ ।