-ਅਵਤਾਰ ਸਿੰਘ
ਪੰਜਾਬ ਸਰਕਾਰ ਨੇ ਜੇ ਸਾਨੂੰ ਚੋਣਾਂ ਵਿਚ ਆਪਣੇ ਕੀਤੇ ਵਾਅਦੇ ਅਨੁਸਾਰ ਸਮਾਰਟ ਫੋਨ ਮੁਹਈਆ ਕਰਵਾਏ ਹੁੰਦੇ ਤਾਂ ਅੱਜ ਕਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਘਰ ਬੈਠ ਕੇ ਪੜਨ ਲਈ ਇਹ ਸਾਡੇ ਸਹੀ ਮਾਅਨਿਆਂ ਵਿਚ ਕੰਮ ਆਉਣੇ ਸਨ। ਇਹ ਕਹਿਣਾ ਹੈ ਸੂਬੇ ਦੇ ਮਾਝਾ, ਮਾਲਵਾ, ਦੋਆਬਾ, ਕੰਢੀ ਅਤੇ ਪੁਆਧ ਖੇਤਰ ਦੇ ਪਿੰਡਾਂ ਵਿਚ ਪੜ੍ਹਦੇ ਉਨ੍ਹਾਂ ਵਿਦਿਆਰਥੀਆਂ ਦਾ, ਜਿਨ੍ਹਾਂ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਆਪਣਾ ਨਿੱਤ ਨਵਾਂ ਫਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ। ਕਈ ਸੋਝੀ ਵਾਲੇ ਵਿਦਿਆਰਥੀ ਤੇ ਅਧਿਆਪਕ ਇਹ ਵੀ ਕਹਿ ਰਹੇ ਹਨ ਕਿ ਚੰਡੀਗੜ੍ਹ ਸਕੱਤਰੇਤ ਵਿਚ ਬੈਠਦੇ ਕੁਝ ਮੰਤਰੀ ਤਾਂ ਭਾਂਵੇ ਪਿੰਡਾਂ ਦੇ ਸਕੂਲਾਂ ਤੇ ਪਿੰਡਾਂ ਦਾ ਹਾਲ ਨਹੀਂ ਜਾਣਦੇ ਪਰ ਸਿੱਖਿਆ ਵਿਭਾਗ ਦੇ ਮੁਖੀ ਕ੍ਰਿਸ਼ਨ ਕੁਮਾਰ ਜਿਨ੍ਹਾਂ ਹਾਲਤਾਂ ਵਿਚ ਪੜ੍ਹੇ ਉਹ ਤਾਂ ਆਪ ਜ਼ਮੀਨੀ ਸਚਾਈ ਤੋਂ ਭਲੀਭਾਂਤ ਜਾਣੂ ਹਨ।
25 ਮਾਰਚ, 2020 ਤੋਂ ਸ਼ੁਰੂ ਹੋਈ ਲੌਕਬੰਦੀ ‘ਚ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਪਰ ਅਗਲੇ ਹੀ ਦਿਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਵੀਂਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ। ਇਹ ਐਲਾਨ ਵੀ ਹਫ਼ਤੇ ਤੱਕ ਬਦਲ ਗਿਆ ਤੇ ਸਕੱਤਰ ਨੇ ਅਗਲੀਆਂ ਤਾਰੀਕਾਂ ਦਾ ਫ਼ਰਮਾਨ ਜਾਰੀ ਕਰ ਦਿੱਤਾ। ਇੰਜ ਲੁਕਣਮੀਚੀ ਚੱਲਦਿਆਂ ਪ੍ਰੀਖਿਆਵਾਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ।
ਦੂਜੇ ਬੰਨ੍ਹੇ ਪੰਜਾਬ ਸਰਕਾਰ ਦਾ 31 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਵੀ ਹਾਸੋ-ਹੀਣਾ ਹੋ ਨਿਬੜਿਆ। ਇਸ ਐਲਾਨ ਦੇ ਅਗਲੇ ਹੀ ਦਿਨ ਸੋਧ ਕੇ ਆਏ ਐਲਾਨ ਨੂੰ ਲੌਕਬੰਦੀ ਤੱਕ ਹੀ ਸੀਮਤ ਕਰ ਦਿੱਤਾ ਗਿਆ।
ਹੁਣ ਜਦੋਂ ਵਿਭਾਗ ਨੇ ਆਪਣੀ ਉਕਤ ਐਲਾਨਨਾਮਿਆਂ ਦੀ ਕਾਹਲ ਤਿਆਗ ਕੇ ਆਨਲਾਈਨ ਦਾਖ਼ਲੇ ਅਤੇ ਅਗਲੀਆਂ ਕਲਾਸਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਧਿਆਪਕ ਘਰ ਬੈਠੇ ਹੀ ਕਲਾਸ ਵਾਇਜ ਗਰੁੱਪ ਬਣਾ ਕੇ ਵਿਦਿਆਰਥੀਆਂ ਨੂੰ ਆਪੋ ਆਪਣੇ ਵਿਸ਼ੇ ਦਾ ਕੰਮ ਦੇ ਰਹੇ ਹਨ ਅਤੇ ਵਿਦਿਆਰਥੀ ਇਸ ਦਾ ਹੱਲ ਕਰਕੇ ਆਪੋ ਆਪਣੇ ਮੋਬਾਇਲ ਰਾਹੀਂ ਇਸ ਗਰੁੱਪ ‘ਚ ਪਾ ਰਹੇ ਹਨ। ਜੇਕਰ ਕਿਸੇ ਵਿਦਿਆਰਥੀ ਨੂੰ ਕਿਸੇ ਸਵਾਲ ਦਾ ਹੱਲ ਨਹੀਂ ਲੱਭਦਾ ਤਾਂ ਉਹ ਇਸ ਸਬੰਧੀ ਉਸ ਵਿਸ਼ੇ ਦੇ ਅਧਿਆਪਕ ਤੋਂ ਪੁੱਛ ਸਕਦਾ ਹੈ ਜਿਸ ਸਬੰਧੀ ਉਹ ਅਧਿਆਪਕ ਉਸ ਨੂੰ ਗਰੁੱਪ ‘ਚ ਹੀ ਗਾਇਡ ਕਰਦਾ ਹੈ।
ਕਰੋਨਾਵਾਇਰਸ ਦੀ ਘੇਰਾਬੰਦੀ ਲਈ ਲੱਗੇ ਬਾਕੀ ਵਿਭਾਗਾਂ ਵਾਂਗ ਸਿੱਖਿਆ ਵਿਭਾਗ ‘ਚੋਂ ਵੀ ਅਧਿਆਪਕ ਡਿਊਟੀਆਂ ‘ਤੇ ਤਾਇਨਾਤ ਕੀਤੇ ਗਏ ਹਨ। ਇਹ ਅਧਿਆਪਕ ਵਾਧੂ ਡਿਊਟੀ ਕਰਨ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।
ਸਿੱਖਿਆ ਵਿਭਾਗ ਦੀ ਆਨਲਾਇਲ ਪੜ੍ਹਾਈ ਅਤੇ ਦਾਖਲਿਆਂ ਦਾ ਕੰਮ ਮੱਠਾ ਚੱਲ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਵਿਦਿਆਰਥੀ ਕਮਲ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆਂ ਸਕੂਲ ਰਾਹੋਂ ਦੀ ਵਿਦਿਆਰਥਣ ਪਰਮਜੀਤ ਕੌਰ, ਸਰਕਾਰੀ ਹਾਈ ਸਕੂਲ ਸਮੁੰਦੜਾ ਦੇ ਬਚਿੱਤਰ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਕਰਨ ਵਿੱਚ ਬੇਹੱਦ ਪ੍ਰੇਸ਼ਾਨੀਆਂ ਆ ਰਹੀਆਂ ਹਨ।
ਪੰਜਾਬ ਦੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਘਰ ਬੈਠ ਕੇ ਪੜ੍ਹਨ ਲਈ ਇੰਟਰਨੈੱਟ ਦੀ ਸਪੀਡ ਸਹੀ ਨਾ ਹੋਣ ਅਤੇ ਕਈਆਂ ਕੋਲ ਫੋਨ ਨਾ ਹੋਣ ਕਾਰਨ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ।
ਉਹ ਨਾ ਤਾਂ ਪੂਰੀ ਤਰ੍ਹਾਂ ਆਨਲਾਈਨ ਕਲਾਸਾਂ ਅਟੈਂਡ ਕਰ ਸਕਦੇ ਅਤੇ ਉਨ੍ਹਾਂ ਨੂੰ ਆਪਣਾ ਆਨਲਾਈਨ ਹੋਮਵਰਕ ਕਰਨ ਵਿਚ ਬੇਹੱਦ ਮੁਸ਼ਕਲ ਪੇਸ਼ ਆ ਰਹੀ ਹੈ।
ਪੇਂਡੂ ਖੇਤਰ ਦੇ ਵੱਡੀ ਗਿਣਤੀ ਵਿਦਿਆਰਥੀਆਂ ਕੋਲ ਆਪਣੇ ਕੰਪਿਊਟਰ ਹੀ ਨਹੀਂ ਹਨ। ਬਹੁਤ ਸਾਰੇ ਪਰਿਵਾਰਾਂ ਕੋਲ ਸਿਰਫ ਇਕ ਹੀ ਸਮਾਰਟਫੋਨ ਹੈ, ਪਰਿਵਾਰ ਦੇ ਹੋਰ ਬੱਚੇ ਆਨਲਾਈਨ ਪੜ੍ਹਦੇ ਹੋਣ ਕਰਕੇ ਇਹ ਵੀ ਵੱਡੀ ਮੁਸ਼ਕਲ ਹੈ।
ਰਿਪੋਰਟਾਂ ਮੁਤਾਬਿਕ ਸਿੱਖਿਆ ਮੰਤਰੀ ਦੇ ਹਲਕੇ ਦੇ ਪਿੰਡਾਂ ਦੇ ਕੁਝ ਵਿਦਿਆਰਥੀ ਇਸ ਬਿਆਨ ਕਰਦੇ ਹਨ:
ਜ਼ਿਲਾ ਸੰਗਰੂਰ ਦੇ ਪਿੰਡ ਕਪਿਆਲ ਦੀ ਦਸਵੀ ਜਮਾਤ ਵਿਚ ਪੜ੍ਹਦੀ ਵਿਦਿਆਰਥਣ ਗੁਰਸਿਮਰਨ ਕੌਰ ਦਾ ਕਹਿਣਾ ਹੈ ਕਿ ਪਿੰਡ ਵਿਚ ਇੰਟਰਨੈੱਟ ਦੀ ਸਪੀਡ ਬਹੁਤ ਧੀਮੀ (ਸਲੋਅ) ਹੈ। ਇਸ ਕਾਰਨ ਕਈ ਅਧਿਆਪਕਾਂ ਵਲੋਂ ਦਿੱਤਾ ਗਿਆ ਹੋਮਵਰਕ ਜਿਹੜਾ 3-4 ਘੰਟਿਆਂ ਵਿਚ ਖਤਮ ਹੋਣ ਵਾਲਾ ਹੈ, ਇਕ ਘੰਟੇ ਵਿੱਚ ਨਿਬੇੜਨਾ ਮੁਸ਼ਕਲ ਹੈ।
ਵਿਦਿਆਰਥੀਆਂ ਨੇ ਮੰਗ ਕੀਤੀ ਕਿ ਆਨਲਾਈਨ ਪੜ੍ਹਾਈ ਲਈ ਮੋਬਾਈਲ ਡਾਟਾ ਨਾਕਾਫ਼ੀ ਹੈ ਇਸ ਲਈ ਪਿੰਡਾਂ ਨੂੰ ਵਾਈ ਫਾਈ ਮੁਹਈਆ ਕਰਵਾਇਆ ਜਾਵੇ।
ਇਸੇ ਤਰ੍ਹਾਂ ਪਿੰਡ ਨਰਾਇਣਗੜ੍ਹ ਦੇ ਦਸਵੀਂ ਕਲਾਸ ਵਿਚ ਪੜ੍ਹ ਰਹੇ ਗੁਰਿੰਦਰ ਸਿੰਘ ਅਨੁਸਾਰ ਉਸ ਨੂੰ ਕਈ ਵਾਰ ਯੂ ਟਿਊਬ ਖੋਲ੍ਹਣ ਅਤੇ ਗੂਗਲ ਤੋਂ ਜਾਣਕਾਰੀ ਹਾਸਿਲ ਕਰਨ ਲਈ ਮੋਬਾਈਲ ਡਾਟਾ ਦੀ ਬਹੁਤ ਵਰਤੋਂ ਕਰਨੀ ਪੈਂਦੀ ਹੈ। ਉਸ ਦਾ ਕਹਿਣਾ ਹੈ ਕਿ ਅਜੇ ਵੀ ਕੁਝ ਨਹੀਂ ਪਤਾ ਕਿ ਲੌਕ ਡਾਊਨ ਕਦੋਂ ਤਕ ਜਾਰੀ ਰਹਿਣਾ ਹੈ, ਉਨ੍ਹਾਂ ਦੇ ਕੀਮਤੀ ਸਮੇਂ ਅਤੇ ਇਨ੍ਹਾਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਨੂੰ ਇਸ ਦੇ ਹੱਲ ਬਾਰੇ ਕੁਝ ਠੋਸ ਕਦਮ ਚੁੱਕਣੇ ਚਾਹੀਦੇ ਸਨ।
ਇਸ ਤੋਂ ਇਲਾਵਾ ਮਾਪਿਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦਾ ਇਕ ਬੱਚਾ ਹੀ ਆਪਣਾ ਆਨਲਾਈਨ ਹੋਮਵਰਕ ਕਰਨ ਵਾਸਤੇ ਹਰ ਰੋਜ਼ ਮੋਬਾਈਲ ਡਾਟਾ ਖਤਮ ਕਰ ਦਿੰਦਾ, ਦੂਜੇ ਬੱਚੇ ਨੂੰ ਹੋਮਰਕ ਖਤਮ ਕਰਨ ਲਈ ਮੁਸਕਲ ਆਉਂਦੀ ਹੈ।
ਪਿੰਡ ਕਾਹਨਗੜ੍ਹ ਦੇ ਕਿਸਾਨ ਨਰਿੰਦਰ ਸਿੰਘ ਨੇ ਦੱਸਿਆ, ‘ਸਰਕਾਰ ਦੇ ਆਨਲਾਈਨ ਕਲਾਸਾਂ ਦੇ ਐਲਾਨ ਦਾ ਉਨ੍ਹਾਂ ਵਲੋਂ ਸਵਾਗਤ ਕੀਤਾ ਗਿਆ। ਪਰ ਇੰਟਰਨੈੱਟ ਸੇਵਾਵਾਂ ਠੀਕ ਨਾ ਹੋਣਾ ਵੱਡਾ ਅੜਿੱਕਾ ਹੈ। ਇਸ ਲਈ ਸਰਕਾਰ ਨੂੰ ਛੇਤੀ ਤੋਂ ਛੇਤੀ ਪਿੰਡਾਂ ਵਿਚ ਵਾਈ ਫਾਈ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ।
ਉਧਰ ਰਿਪੋਰਟਾਂ ਮੁਤਾਬਿਕ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ, ‘ਮੈਂ ਬੱਚਿਆਂ ਨੂੰ ਵਧੀਆ ਇੰਟਰਨੈੱਟ ਸੇਵਾ ਮੁਹਈਆ ਕਰਵਾਉਣ ਲਈ ਇਕ ਟੈਲੀਕਮ ਕੰਪਨੀ ਨਾਲ ਗਲਬਾਤ ਕੀਤੀ ਹੈ ਤੇ ਹੋਰ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।’
ਸੰਪਰਕ : 7888973676