ਨਿਊਜ਼ ਡੈਸਕ: ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਦੇ 25 ਤੋਂ ਵੱਧ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਚੀਨ ‘ਚ ਮੌਤ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜਾ ਜਾਣਕਾਰੀ ਅਨੁਸਾਰ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1600 ਤੋਂ ਪਾਰ ਹੋ ਗਈ ਹੈ ਜਦਕਿ 68,000 ਲੋਕ ਸੰਕਰਮਿਤ ਹੋਏ ਹਨ। ਚੀਨ ‘ਚ ਸ਼ੁੱਕਰਵਾਰ ਨੂੰ ਇਸ ਵਾਇਰਸ ਕਾਰਨ 143 ਵਿਅਕਤੀਆਂ ਦੀ ਮੌਤ ਹੋ ਗਈ।
ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੋਰੋਨਾਵਾਇਰਸ ਦੇ ਇਲਾਜ ਅਤੇ ਰੋਕਥਾਮ ਲਈ ਕ੍ਰਿਤ੍ਰਿਮ ਮੇਧਾ ਤੇ ਕਲਾਉਡ ਕੰਪਿਉਟਿੰਗ ਵਰਗੀ ਡਿਜੀਟਲ ਤਕਨਾਲੋਜੀ ਦੀ ਮਦਦ ਲੈਣ ਦੀ ਅਪੀਲ ਕੀਤੀ ਹੈ। ਵੂਹਾਨ ਦੇ ਹਸਪਤਾਲਾਂ ‘ਚ ਸਮੱਗਰੀ ਤੇ ਹੋਰ ਕਾਰਜਾਂ ‘ਚ ਮਦਦ ਲਈ ਰੋਬੋਟ ਤਾਇਨਾਤ ਕੀਤੇ ਗਏ ਹਨ।
ਦੱਸ ਦਈਏ ਕਿ ਚੀਨ ਤੋਂ ਬਾਹਰ 580 ਵਿਅਕਤੀ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। ਚੀਨ ਤੋਂ ਇਲਾਵਾ ਤਿੰਨ ਹੋਰ ਦੇਸ਼ਾਂ ’ਚ ਕੋਰੋਨਾ ਵਾਇਰਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ‘ਚ ਇੱਕ ਫ਼ਿਲੀਪੀਨਜ਼, ਇੱਕ ਹਾਂਗਕਾਂਗ ਤੇ ਇੱਕ ਜਾਪਾਨ ਦਾ ਰਹਿਣ ਵਾਲਾ ਸੀ।
ਇਸ ਦੇ ਨਾਲ ਹੀ ਜਾਪਾਨ ਦੇ ਤੱਟ ‘ਤੇ ਖੜ੍ਹੇ ਡਾਇਮੰਡ ਪ੍ਰਿੰਸੈਸ ਸਮੁੰਦਰੀ ਜਹਾਜ਼ ‘ਚ ਇੱਕ ਹੋਰ ਭਾਰਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਇਸ ਜਹਾਜ਼ ਦੇ 219 ਯਾਤਰੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ‘ਚ ਦੋ ਭਾਰਤੀ ਵੀ ਸਨ।