ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 76,472 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਨਾਲ ਦੇਸ਼ ‘ਚ ਹੁਣ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 34,63,973 ਹੋ ਗਈ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1,020 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਜਿਸ ਨਾਲ ਦੇਸ਼ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 62,550 ਹੋ ਗਈ ਹੈ। ਦੇਸ਼ ਵਿੱਚ ਸੰਕਰਮਣ ਦੇ ਮਾਮਲੇ 34,63,973 ਹੋ ਗਏ ਹਨ, ਜਿਨ੍ਹਾਂ ‘ਚੋਂ 7,52,424 ਲੋਕ ਇਲਾਜ ਅਧੀਨ ਹਨ ਅਤੇ 26,48,999 ਲੋਕ ਇਲਾਜ ਤੋਂ ਬਾਅਦ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅੰਕੜਿਆਂ ਅਨੁਸਾਰ, ਸ਼ੁੱਕਰਵਾਰ ਨੂੰ 9,01,338 ਨਮੂਨਿਆਂ ਦੀ ਜਾਂਚ ਦੇ ਨਾਲ ਪਿਛਲੇ ਦੋ ਹਫਤਿਆਂ ਵਿੱਚ ਇੱਕ ਕਰੋੜ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਦੇਸ਼ ਵਿਚ ਹੁਣ ਤਕ ਲਗਭਗ ਚਾਰ ਕਰੋੜ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸਰਕਾਰ ਵੱਲੋਂ ਪ੍ਰਤੀ ਦਿਨ 10 ਲੱਖ ਟੈਸਟ ਦੀ ਵਿਵਸਥਾ ਕੀਤੀ ਗਈ ਹੈ। ਦੇਸ਼ ਵਿਚ ਇਸ ਸਮੇਂ ਕੋਰੋਨਾ ਟੈਸਟਿੰਗ ਲਈ 1,564 ਲੈਬਾਂ ਹਨ, ਜਿਨ੍ਹਾਂ ਵਿਚੋਂ 998 ਸਰਕਾਰੀ ਅਤੇ 566 ਨਿੱਜੀ ਲੈਬ ਹਨ।