ਕੁੰਭ ਮੇਲੇ ‘ਤੇ ਕੋਰੋਨਾ ਦਾ ਖ਼ਤਰਾ, 1700 ਤੋਂ ਵੱਧ ਕੇਸ ਆਏ ਸਾਹਮਣੇ

TeamGlobalPunjab
2 Min Read

ਹਰਿਦੁਆਰ : ਦੇਸ਼ ਦੇ ਵਿਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਫੈਲ ਰਹੀ ਹੈ ਤਾਂ ਦੂਸਰੇ ਪਾਸੇ ਹਰਿਦੁਆਰ ਵਿੱਚ ਕੁੰਭ ਦਾ ਮੇਲਾ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਕੁੰਭ ਮੇਲੇ ‘ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ। ਮੇਲੇ ਦੇ ਖੇਤਰ ਵਿਚ 10 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ 1701 ਵਿਅਕਤੀ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਅੰਕੜਿਆਂ ਨੇ ਦੇਸ਼ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਨੱਥ ਪਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ। ਵੱਡੇ ਧਾਰਮਿਕ ਇਕੱਠ ਬਾਰੇ ਜਤਾਏ ਗਏ ਖ਼ਦਸ਼ੇ ਸੱਚ ਹੁੰਦੇ ਦਿਖਾਈ ਦੇ ਰਹੇ ਹਨ। ਮਾਹਰਾਂ ਮੁਤਾਬਕ ਜੇਕਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੁੰਦਾ ਹੈ ਤਾਂ ਕੁੰਭ ਮੇਲੇ ਦਾ ਸਭ ਤੋਂ ਵੱਡਾ ਯੋਗਦਾਨ ਮੰਨਿਆ ਜਾਵੇਗਾ।

ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਨਾਲ ਸੰਬੰਧਤ ਮਹਾਨਿਰਵਾਣੀ ਅਖਾਡ਼ੇ ਦੇ ਮੁਖੀ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ। ਦੂਸਰੇ ਪਾਸੇ ਕਰਨਾਟਕ ਦੀ ਭਾਜਪਾ ਸਰਕਾਰ ਨੇ ਹਰਿਦੁਆਰ ਦੇ ਕੁੰਭ ਮੇਲੇ ਤੋਂ ਪਰਤਣ ਵਾਲੇ ਸ਼ਰਧਾਲੂਆਂ ਨੂੰ ਇਕਾਂਤਵਾਸ ਵਿਚ ਰਹਿਣ ਦਾ ਹੁਕਮ ਦੇ ਦਿੱਤਾ ਹੈ ਅਤੇ ਨਾਲ ਹੀ ਕੋਰੋਨਾ ਟੈਸਟ ਕਰਵਾਉਣ ਦੀ ਵੀ ਅਪੀਲ ਕੀਤੀ ਹੈ। ਦੂਸਰੇ ਪਾਸੇ ਦੇਖਿਆ ਜਾਵੇ ਤਾਂ ਉੱਤਰ ਪ੍ਰਦੇਸ਼ ਵਿੱਚ ਸਰਕਾਰ ਨੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਕੂਲਾਂ ਨੂੰ 15 ਮਈ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ ਅਤੇ ਯੂਪੀ ਸਕੂਲ ਬੋਰਡ ਦੀਆਂ ਪ੍ਰੀਖਿਆਵਾਂ 20 ਮਈ ਤਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

Share this Article
Leave a comment