ਕੋਰੋਨਾ ਦਾ ਕਹਿਰ : ਵਿਸ਼ਵ ਪੱਧਰ ‘ਤੇ 20 ਲੱਖ ਕੋਰੋਨਾ ਸੰਕਰਮਿਤ, 1 ਲੱਖ 26 ਹਜ਼ਾਰ ਲੋਕਾਂ ਦੀ ਗਈ ਜਾਨ

TeamGlobalPunjab
3 Min Read

ਨਿਊਜ਼ ਡੈਸਕ : ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਦੁਨੀਆ ਦੇ 185 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕੀ ਇਸ ਮਹਾਮਾਰੀ ਨਾਲ ਹੁਣ ਤੱਕ 20 ਲੱਖ ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ ਤੇ 1 ਲੱਖ 26 ਹਜ਼ਾਰ ਲੋਕ ਇਸ ਮਹਾਮਾਰੀ ਅੱਗੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਅਮਰੀਕਾ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਅਮਰੀਕਾ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 6 ਲੱਖ 12 ਹਜ਼ਾਰ ਤੱਕ ਪਹੁੰਚ ਗਈ ਹੈ ਤੇ 26 ਹਜ਼ਾਰ ਤੋਂ ਵੱਧ ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ ਜੋ ਆਪਣੇ ਆਪ ‘ਚ ਹੀ ਇੱਕ ਰਿਕਾਰਡ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਹੁਣ ਤੱਕ ਕੋਰੋਨਾ ਨਾਲ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਅਮਰੀਕਾ ਤੋਂ ਬਾਅਦ ਇਟਲੀ ਕੋਰੋਨਾ ਦਾ ਦੂਜਾ ਵੱਡਾ ਕੇਂਦਰ ਬਣਿਆ ਹੋਇਆ ਹੈ। ਇਟਲੀ ’ਚ ਹੁਣ ਤੱਕ ਕੋਰੋਨਾ ਨਾਲ 21,067 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1 ਲੱਖ 62 ਹਜ਼ਾਰ ਲੋਕ ਕੋਰੋਨਾ ਨਾਲ ਸੰਕਰਮਿਤ ਹਨ। ਇਟਲੀ ਤੋ਼ਂ ਬਾਅਦ ਸਪੇਨ ‘ਚ ਕੋਰੋਨਾ ਨਾਲ  18,255 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1 ਲੱਖ 74 ਹਜ਼ਾਰ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਫ਼ਰਾਂਸ ’ਚ 15,729 ਤੇ ਜਰਮਨੀ ‘ਚ 3,495 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇੰਗਲੈਂਡ ’ਚ ਕੋਰੋਨਾ ਦੇ 93,873  ਮਰੀਜ਼ ਹਨ ਜਿਨ੍ਹਾਂ ‘ਚੋਂ 12,107 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਗੁਆਂਢੀ ਮੁਲਕ ਪਾਕਿਸਤਾਨ ‘ਚ ਵੀ ਕੋਰੋਨਾ ਨਾਲ ਸਥਿਤੀ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਪਾਕਿਸਤਾਨ ‘ਚ ਕੋਰੋਨਾ ਦੇ 5,837 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦ ਕਿ 96 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਕੋਰੋਨਾ ਦਾ ਸਭ ਤੋਂ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ। ਰਿਪੋਰਟਾਂ ਮੁਤਾਬਕ ਚੀਨ ‘ਚ ਸਥਿਤੀ ਹੁਣ ਕਾਬੂ ਹੇਠ ਹੈ। ਚੀਨ ‘ਚ ਵਾਇਰਸ ਨਾਲ ਹੁਣ ਤੱਕ 3,342 ਲੋਕਾਂ ਦੀ ਮੌਤ ਹੋਈ ਹੈ ਤੇ 82,295 ਲੋਕ ਕੋਰੋੋਨਾ ਸੰਕਰਮਿਤ ਹਨ।

ਭਾਰਤ ‘ਚ ਕੋਰੋਨਾ ਮਹਾਮਾਰੀ ਦੇ 11,439 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਵਾਇਰਸ ਨਾਲ 375 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ 38 ਮੌਤਾਂ ਹੋ ਚੁੱਕੀਆਂ ਹਨ। ਜਦੋਂ ਕਿ ਇਸ ਸਮੇਂ ਦੌਰਾਨ 1076 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਦੇਸ਼ ‘ਚ 1300 ਤੋਂ ਵੱਧ ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।

- Advertisement -

Share this Article
Leave a comment