ਨਿਊਜ਼ ਡੈਸਕ : ਦੁਨੀਆ ਭਰ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਹੁਣ ਤੱਕ 2 ਲੱਖ 28 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 32 ਲੱਖ ਇਸ ਮਹਾਮਾਰੀ ਦੀ ਲਪੇਟ ‘ਚ ਹਨ। ਜਦ ਕਿ 10 ਲੱਖ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਪਰ ਦਿਨ-ਪ੍ਰਤੀ-ਦਿਨ ਕੋਰੋਨਾ ਮਹਾਮਾਰੀ ਇੱਕ ਵਿਸ਼ਾਲ ਤੇ ਘਾਤਕ ਰੂਪ ਧਾਰਨ ਕਰਦੀ ਜਾ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਆਪਣੇ ਨਵੇਂ ਬਿਆਨ ‘ਚ ਕੋਰੋਨਾ ਨੂੰ ਇੱਕ ਅੱਤਵਾਦੀ ਹਮਲੇ ਤੋਂ ਵੀ ਵਧੇਰੇ ਖਤਰਨਾਕ ਦੱਸਿਆ ਹੈ। ਸੰਗਠਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਪੂਰੇ ਵਿਸ਼ਵ ਵਿਚ ਉਥਲ-ਪੁਥਲ ਪੈਦਾ ਕਰ ਸਕਦੀ ਹੈ। ਡਬਲਯੂਐਚਓ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਗੈਬਰੀਅਸ ਨੇ ਬੁੱਧਵਾਰ ਨੂੰ ਕਿਹਾ, “ਇਸ ਵਾਇਰਸ ਨੂੰ ਹਰਾਉਣ ਲਈ ਪੂਰੀ ਮਨੁੱਖ ਜਾਤੀ ਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ। ਇਹ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਉਥਲ-ਪੁਥਲ ਪੈਦਾ ਕਰਨ ਦੇ ਸਮਰੱਥ ਹੈ।
ਦੁਨੀਆ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਅਮਰੀਕਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਅਮਰੀਕਾ ‘ਚ ਹੁਣ ਤੱਕ ਕੋਰੋਨਾ ਦੇ 10 ਲੱਖ 60 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 61 ਹਜ਼ਾਰ ਲੋਕ ਕੋਰੋਨਾ ਮਹਾਮਾਰੀ ਅੱਗੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਅਮਰੀਕਾ ਦਾ ਨਿਊਯਾਰਕ ਸ਼ਹਿਰ ‘ਚ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਅਮਰੀਕਾ ਤੋਂ ਬਾਅਦ ਕੋਰੋਨਾ ਮਹਾਮਾਰੀ ਨੇ ਸਪੇਨ ਤੇ ਇਟਲੀ ‘ਚ ਆਪਣਾ ਆਤੰਕ ਮਚਾਇਆ ਹੈ। ਸਪੇਨ ‘ਚ ਕੋਰੋਨਾ ਦੇ 2 ਲੱਖ 36 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦ ਕਿ 24 ਹਜ਼ਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਟਲੀ ਦੇ 2 ਲੱਖ 4 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਹਨ ਤੇ 27 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ
ਫਰਾਂਸ, ਬ੍ਰਿਟੇਨ ਅਤੇ ਜਰਮਨੀ ‘ਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਫਰਾਂਸ ‘ਚ ਕੋਰੋਨਾ ਦੇ 1 ਲੱਖ 66 ਹਜ਼ਾਰ ਮਾਮਲੇ ਸਾਹਮਣੇ ਆਏ ਹਨ ਤੇ 24 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ‘ਚ 1 ਲੱਖ 65 ਹਜ਼ਾਰ ਤੇ ਜਰਮਨੀ ‘ਚ 1 ਲੱਖ 61 ਹਜ਼ਾਰ ਲੋਕ ਕੋਰੋਨਾ ਦੀ ਲਪੇਟ ‘ਚ ਹਨ। ਬ੍ਰਿਟੇਨ ‘ਚ 26 ਹਜ਼ਾਰ ਤੇ ਜਰਮਨੀ ‘ਚ 6 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਮਹਾਮਾਰੀ ਅੱਗੇ ਆਪਣੀ ਜੰਗ ਹਾਰ ਚੁੱਕੇ ਹਨ। ਤੁਰਕੀ, ਰੂਸ, ਈਰਾਨ ਅਤੇ ਚੀਨ ‘ਚ ਕ੍ਰਮਵਾਰ 3,081, 1,073, 5,957 ਅਤੇ 4,633 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।