ਨਵੀਂ ਦਿੱਲੀ – ਬ੍ਰਿਟੇਨ ਤੋਂ ਦਿੱਲੀ ਆਏ ਪੰਜ ਯਾਤਰੀ ਆਪਣੇ ਕੋਰੋਨਾ ਵਾਇਰਸ ਟੈਸਟ ਦੇਣ ਤੋਂ ਬਾਅਦ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਭੱਜ ਗਏ। ਇਨ੍ਹਾਂ ‘ਚੋਂ ਚਾਰ ਲੋਕਾਂ ਨੂੰ ਵਾਪਸ ਲਿਆ ਕੇ ਦਿੱਲੀ ਦੇ ਲੋਕਨਾਇਕ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਹੁਣ ਸਰਕਾਰ ਲਈ ਉਨ੍ਹਾਂ ਦੀ ਪਛਾਣ ਕਰਨੀ ਔਖੀ ਹੋ ਗਈ ਹੈ ਜੋ ਲੋਕ ਇਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਏ ਸਨ। ਕੋਰੋਨਾ ਦਾ
ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਬ੍ਰਿਟੇਨ ਤੋਂ ਦਿੱਲੀ ਤੱਕ ਇੱਕ ਹਜ਼ਾਰ ਤੋਂ ਵੱਧ ਲੋਕ ਆਏ ਹਨ ਜਿਹਨਾਂ ‘ਚੋਂ 13 ਲੋਕ ਸੰਕਰਮਿਤ ਪਾਏ ਗਏ ਹਨ, ਪਰ ਇਹ ਕੋਰੋਨਾ ਦੇ ਨਵੇਂ ਵਾਇਰਸ ਨਾਲ ਸੰਕਰਮਿਤ ਹਨ ਜਾਂ ਨਹੀਂ ਇਹ ਜਾਂਚ ਅਜੇ ਕੀਤੀ ਜਾ ਰਹੀ ਹੈ।
ਦਿੱਲੀ ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਬੀਤੇ ਵੀਰਵਾਰ ਨੂੰ ਦੱਸਿਆ ਕਿ ਭੱਜਣ ਵਾਲੇ ਪੰਜ ਸੰਕਰਮਿਤ ਵਿਅਕਤੀਆਂ ‘ਚੋਂ ਇਕ ਨੋਇਡਾ, ਦੋ ਦਿੱਲੀ ‘ਚ, ਇਕ ਲੁਧਿਆਣਾ ‘ਤੇ ਇਕ ਆਂਧਰਾ ਪ੍ਰਦੇਸ਼ ‘ਚ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਾਜ਼ਿਟਿਵ ਪਾਇਆ ਗਿਆ ਤਾਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸੰਪਰਕ ਟਰੇਸਿੰਗ ਲਈ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੀਆਂ ਟੀਮਾਂ ਇਕੱਤਰ ਹੋ ਗਈਆਂ ਹਨ।
ਦੱਸ ਦਈਏ ਦਿੱਲੀ ਏਅਰਪੋਰਟ ਤੋਂ ਯਾਤਰੀਆਂ ਦੇ ਭੱਜਣ ਦਾ ਦੋਸ਼ ਕੇਂਦਰ ਅਤੇ ਦਿੱਲੀ ਸਰਕਾਰ ਨੇ ਇਕ ਦੂਜੇ ਨੂੰ ਦੇ ਰਹੀ ਹੈ।ਇਸ ਦੇ ਨਾਲ ਹੀ, ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ ‘ਤੇ ਉਡਾਣਾਂ ਦਾ ਸੰਚਾਲਨ ਅਤੇ ਸੁਰੱਖਿਆ ਉਥੋਂ ਦੇ ਹੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਧਰ ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਥੋੜ੍ਹੀ ਜਿਹੀ ਢਿੱਲ ਵੀ ਸਾਰੇ ਯਤਨਾਂ ਨੂੰ ਵਿਗਾੜ ਸਕਦੀ ਹੈ ਅਤੇ ਹਰ ਰਾਜ ਨੂੰ ਅਜਿਹੀ ਸਥਿਤੀ ‘ਚ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ।