ਵਾਸ਼ਿੰਗਟਨ : ਪੂਰੀ ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਅਮਰੀਕਾ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਅਮਰੀਕਾ ਨੇ ਪਿਛਲੇ 24 ਘੰਟਿਆਂ ਵਿੱਚ ਮੌਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਾਨਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 4,491 ਲੋਕਾਂ ਦੀ ਮੌਤ ਹੋਈ ਹੈ ਜੋ ਇੱਕ ਦਿਨ ‘ਚ ਕੋਰੋਨਾ ਮਹਾਮਾਰੀ ਨਾਲ ਵਿਸ਼ਵ ਪੱਧਰ ‘ਤੇ ਮੌਤ ਦਾ ਸਭ ਤੋਂ ਵੱਡਾ ਅੰਕੜਾ ਹੈ।
ਹਾਲਾਂਕਿ, ਸੀਐਨਐਨ ਅਨੁਸਾਰ ਕੋਰੋਨਾ ਨਾਲ ਅਮਰੀਕਾ ‘ਚ ਬੀਤੇ ਵੀਰਵਾਰ 2,257 ਲੋਕਾਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਦੋਵਾਂ ਅੰਕੜਿਆਂ ‘ਚ ਅੰਤਰ ਦਾ ਕਾਰਨ ਕੋਰੋਨਾ ਸ਼ੱਕੀ ਮਾਮਲਿਆਂ ਨੂੰ ਸ਼ਾਮਿਲ ਨਾ ਕਰਨਾ ਹੈ। ਸੀਐੇੱਨਐੱਨ ਨੇ ਜਿਹੜੇ ਅੰਕੜੇ ਜਾਰੀ ਕੀਤੇ ਹਨ ਉਹ ਹਸਪਤਾਲਾਂ ‘ਚ ਹੋਈਆਂ ਮੌਤਾਂ ਦੇ ਹਨ।
ਇੱਥੇ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਓਪਨਿੰਗ ਅਪ ਅਮੇਰਿਕਾ ਅਗੇਨ’ ਨਾਮ ਦੀ ਇੱਕ ਯੋਜਨਾ ਦਾ ਪ੍ਰਸਤਾਵ ਦਿੱਤਾ ਹੈ, ਜਿਸ ਦੇ ਤਹਿਤ ਤਿੰਨ ਪੜਾਵਾਂ ‘ਚ ਸਕੂਲ, ਦਫ਼ਤਰ ਅਤੇ ਫੈਕਟਰੀਆਂ ਫਿਰ ਤੋਂ ਖੁੱਲ੍ਹਣਗੀਆਂ। ਹਾਲਾਂਕਿ ਬਹੁਤ ਸਾਰੇ ਰਾਜਾਂ ਦੇ ਗਵਰਨਰ ਇਸ ਨਾਲ ਸਹਿਮਤ ਨਹੀਂ ਹਨ ਅਤੇ ਨਿਊਯਾਰਕ ਨੇ ਬੀਤੇ ਵੀਰਵਾਰ ਨੂੰ ਹੀ ਲਾਕਡਾਊਨ ਨੂੰ 15 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਇਸ ਯੋਜਨਾ ਨੂੰ ਸੁਝਾਅ ਵਜੋਂ ਸਾਰੇ ਰਾਜਾਂ ਦੇ ਗਵਰਨਰਾਂ ਨੂੰ ਭੇਜਿਆ ਹੈ ਅਤੇ ਇਸ ‘ਤੇ ਉਨ੍ਹਾਂ ਦੀ ਰਾਏ ਮੰਗੀ ਹੈ। ਟਰੰਪ ਨੇ ਇਸ ਯੋਜਨਾਵਾਂ ਦੇ ਅਨੁਸਾਰ ਇਨ੍ਹਾਂ ਤਿੰਨ ਪੜਾਵਾਂ ਨੂੰ 14 ਦਿਨਾਂ ਲਈ ਲਾਗੂ ਕਰਨ ਅਤੇ ਫਿਰ ਭਵਿੱਖ ਦੀ ਰਣਨੀਤੀ ਨਿਰਧਾਰਿਤ ਕਰਨ ਦਾ ਸੁਝਾਅ ਦਿੱਤਾ ਹੈ।
ਅਮਰੀਕਾ ‘ਚ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 34 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 6 ਲੱਖ 90 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਅਮਰੀਕਾ ਦਾ ਨਿਊਯਾਰਕ ਸ਼ਹਿਰ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1 ਲੱਖ 50 ਹਜ਼ਾਰ ਤੋਂ ਟੱਪ ਗਈ ਹੈ ਤੇ 22 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।