ਰੂਪਨਗਰ : ਸੂਬੇ ‘ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰੋਜ਼ਾਨਾ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੋਰੋਨਾ ਦੇ ਸੰਕਰਮਿਤ ਮਰੀਜ਼ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ‘ਚ ਹੀ ਅੱਜ ਰੂਪਨਗਰ ਜ਼ਿਲ੍ਹੇ ਵਿਚ ਕੋਰੋਨਾ ਦੇ 46 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 67 ਹੋ ਗਈ ਹੈ। ਇਨ੍ਹਾਂ ‘ਚੋਂ 2 ਵਿਅਕਤੀ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਤੇ 1 ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ‘ਚ 64 ਕੋਰੋਨਾ ਐਕਟਿਵ ਕੇਸ ਹਨ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਨੇ ਦਿੱਤੀ ਹੈ।
ਅੱਜ ਆਈਆਂ ਰਿਪੋਰਟਾਂ ਵਿਚ ਸਿਵਲ ਹਸਪਤਾਲ ਦਾ ਐਸਐਮਓ (56 ਸਾਲਾ) ਵੀ ਕੋਰੋਨਾ ਦੀ ਲਪੇਟ ਵਿੱਚ ਆ ਗਿਆ ਹੈ ਜਦੋਂਕਿ ਪਿੰਡ ਚੱਕ ਢੇਰਾ (ਨੇੜੇ ਲੌਦੀਮਾਜਰਾ) ਦੀ 22 ਸਾਲਾ ਹੈਲਥ ਵਰਕਰ ਸਮੇਤ ਹੋਰ 12 ਜਣੇ ਸਿਹਤ ਵਿਭਾਗ ਦੇ ਸਟਾਫ਼ ਮੈਬਰ ਹਨ ਅਤੇ ਇੱਕ ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਪਿੱਪਲ ਮਾਜਰਾ ਦੇ ਇਕਾਂਤਵਾਸ ਕੇਂਦਰ ‘ਚ ਦਾਖਲ ਮਾਛੀਵਾੜਾ ਨੇੜਲੇ ਪਿੰਡ ਸੁਲਤਾਨਪੁਰ ਦੇ ਡਰਾਇਵਰ ਸਮੇਤ ਕੁੱਲ 46 ਜਣਿਆਂ ਦੀਆਂ ਰਿਪੋਰਟਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਅੱਜ ਸੂਬੇ ‘ਚ ਕੋਰੋਨਾ ਦੇ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸੂਬੇ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦਾ ਅੰਕੜਾ 1823 ਤੱਕ ਪਹੁੰਚ ਗਿਆ ਹੈ ਤੇ 30 ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।